ਮਜ਼ਦੂਰਾਂ ਦੀ ਵੱਡੀ ਜਿੱਤ : ਤਨਖਾਹ ’ਚ ਵਾਧਾ, ਪੱਕੀ ਨੌਕਰੀ ਤੇ ਐਤਵਾਰ ਛੁੱਟੀ ਮਨਜ਼ੂਰ
ਮਜ਼ਦੂਰਾਂ ਦੀ ਵੱਡੀ ਜਿੱਤ:ਤਨਖਾਹ ’ਚ ਵਾਧਾ, ਪੱਕੀ ਨੌਕਰੀ ਤੇ ਐਤਵਾਰ ਛੁੱਟੀ ਮਨਜ਼ੂਰ
Publish Date: Thu, 23 Apr 2026 06:39 PM (IST)
Updated Date: Thu, 23 Apr 2026 06:43 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ
ਸ਼ੰਭੂ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਦਫਤਰ ਵਿੱਚ ਰਿਲੈਕਸੋ ਫੁੱਟਵੇਅਰ ਲਿਮਟਿਡ ਬਪਰੌਰ ਦੇ ਵੇਅਰ ਹਾਊਸ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਗਗਨ, ਸੰਦੀਪ, ਦੀਪ, ਅਮਨ, ਰਾਜਨ, ਰਵੀ, ਅੰਮ੍ਰਿਤ, ਤਰਸੇਮ, ਵਿੱਕੀ, ਅਮਿਤ, ਬਿਕਰਮ ਅਤੇ ਹੈਰੀ ਪਹੁੰਚੇ। ਇਨ੍ਹਾਂ ਮਜ਼ਦੂਰਾਂ ਵੱਲੋਂ ਪਿਛਲੇ ਦਿਨਾਂ ਵਿੱਚ ਤਨਖਾਹ ਵਧਾਉਣ, ਪੱਕੇ ਕਰਨ, ਓਵਰਟਾਈਮ ਲਾਗੂ ਕਰਨ ਅਤੇ ਐਤਵਾਰ ਦੀ ਛੁੱਟੀ ਵਰਗੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਯੂਨੀਅਨ ਵੱਲੋਂ ਇਹ ਮਸਲਾ ਗੰਭੀਰਤਾ ਨਾਲ ਉਠਾਇਆ ਗਿਆ ਅਤੇ ਜਥੇਬੰਦੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਕੰਪਨੀ ਦੇ ਐੱਚਆਰ ਤਕਲੇਸ਼ਵਰ ਸ਼ੁਕਲਾ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਬਾਅਦ ਐੱਚਆਰ ਵੱਲੋਂ ਵੇਅਰ ਹਾਊਸ ਮੈਨੇਜਰ ਪੁਰਸ਼ੋਤਮ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਮਜ਼ਦੂਰਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਮੰਨਿਆ ਜਾਵੇ।
ਯੂਨੀਅਨ ਦੇ ਦਬਾਅ ਹੇਠ ਕੰਪਨੀ ਪ੍ਰਬੰਧਨ ਨੇ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੈਸਲੇ ਅਨੁਸਾਰ 2021 ਤੋਂ ਪਹਿਲਾਂ ਕੰਮ ਕਰ ਰਹੇ ਵਰਕਰਾਂ ਨੂੰ ਪੱਕਾ ਕੀਤਾ ਜਾਵੇਗਾ। ਮਜ਼ਦੂਰਾਂ ਦੀ ਤਨਖਾਹ ਜੋ ਪਹਿਲਾਂ 12,000 ਰੁਪਏ ਸੀ, ਉਸ ਨੂੰ ਵਧਾ ਕੇ 15,000 ਰੁਪਏ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਤਵਾਰ ਦੀ ਛੁੱਟੀ ਅਤੇ ਓਵਰਟਾਈਮ ਦੀ ਸਹੂਲਤ ਵੀ ਮਨਜ਼ੂਰ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੋਣ ਵਾਲੇ ਨਵੇਂ ਪੇ-ਸਕੇਲ ਦੇ ਅਨੁਸਾਰ ਤਨਖਾਹ 15,000 ਰੁਪਏ ਤੋਂ ਵੱਧ ਲਾਗੂ ਹੋਵੇਗੀ। ਇਹ ਸਾਰੀਆਂ ਸਹੂਲਤਾਂ 1 ਅਪ੍ਰੈਲ 2026 ਤੋਂ ਲਾਗੂ ਹੋਣਗੀਆਂ। ਫੈਸਲੇ ਤੋਂ ਖੁਸ਼ ਮਜ਼ਦੂਰਾਂ ਨੇ ਯੂਨੀਅਨ ਦਫ਼ਤਰ ਪਹੁੰਚ ਕੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਦਾ ਸਨਮਾਨ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਮਨਜੀਤ ਸਿੰਘ ਘੁਮਾਣਾ ਨੇ ਕਿਹਾ ਕਿ ਇਹ ਜਿੱਤ ਮਜ਼ਦੂਰਾਂ ਦੀ ਏਕਤਾ ਅਤੇ ਯੂਨੀਅਨ ਦੇ ਸੰਘਰਸ਼ ਦਾ ਨਤੀਜਾ ਹੈ। ਇਸ ਮੌਕੇ ਤਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ, ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਬਲਕਾਰ ਸਿੰਘ ਸੂਬਾ ਸਕੱਤਰ ਪੰਜਾਬ, ਮੋਨੂ ਬਪਰੌਰ ਯੂਥ ਮੀਤ ਪ੍ਰਧਾਨ ਪੰਜਾਬ, ਸੁਰਿੰਦਰ ਸਿੰਘ ਸੈਦਖੇੜੀ ਜ਼ਿਲ੍ਹਾ ਮੀਤ ਪ੍ਰਧਾਨ, ਗੁਰਮੀਤ ਸਿੰਘ ਅਕਬਰਪੁਰ ਯੂਥ ਜ਼ਿਲ੍ਹਾ ਪ੍ਰਧਾਨ ਪਟਿਆਲਾ ਅਤੇ ਅਵਤਾਰ ਸਿੰਘ ਚਤਰਨਗਰ ਯੂਥ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ ਵੀ ਮੌਜੂਦ ਸਨ।