- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ ਨੰਬਰ ਇਕ : ਅੱਧਾ ਕੱਚਾ ਅੱਧਾ ਪੱਕਾ, ਸਮੱਸਿਆਵਾਂ ਸਿਰ ’ਤੇ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ
ਪਾਤੜਾਂ : ਸ਼ਹਿਰ ਦੇ ਪਟਿਆਲਾ ਰੋਡ ਉੱਤੇ ਸ਼ਹੀਦ ਊਧਮ ਸਿੰਘ ਚੌਕ ਸੰਗਰੂਰ ਰੋਡ ਕੈਂਚੀਆਂ ਤੋਂ ਪਿੰਡ ਨਿਆਲ ਵਾਲੇ ਪਾਸੇ ਸੱਜੇ ਹੱਥ ਸਥਿਤ ਵਾਰਡ ਨੰਬਰ ਇੱਕ ਦਾ ਇਲਾਕਾ ਸ਼ਹਿਰ ਦਾ ਨਵਾਂ ਵਿਕਸਿਤ ਹੋਇਆ ਇਲਾਕਾ ਮੰਨਿਆ ਜਾਂਦਾ ਹੈ। ਇਸ ਵਾਰਡ ਦਾ ਬਹੁਤਾ ਜ਼ਮੀਨੀ ਰਕਬਾ ਪਿੰਡ ਨਿਆਲ ਦਾ ਹੈ। ਪਾਤੜਾਂ ਇਲਾਕੇ ਦਾ ਇੱਕੋ ਇੱਕ ਸਰਕਾਰੀ ਕਿਰਤੀ ਕਾਲਜ ਜਿੱਥੇ ਇਸ ਵਾਰਡ ਦੇ ਬਿਲਕੁਲ ਨਾਲ ਲੱਗਦਾ ਹੈ ਉੱਥੇ ਯੂਨੀਵਰਸਲ ਆਈਟੀਆਈ ਅਤੇ ਕਾਲਜ ਵੀ ਇਸ ਵਾਰਡ ਵਿੱਚ ਪੈਂਦਾ ਹੈ। ਪਾਤੜਾਂ ਪਟਿਆਲਾ ਮੇਨ ਰੋਡ ਉੱਤੇ ਵੱਡੀਆਂ ਦੁਕਾਨਾਂ ਤੇ ਸ਼ੋਰੂਮ ਇਸ ਵਾਰਡ ਦੇ ਇਲਾਕੇ ਵਿੱਚ ਪੈਂਦੇ ਹਨ ਜਦੋਂਕਿ ਪਿੱਛੇ ਗਲੀਆਂ ਵਿੱਚ ਰਿਹਾਇਸ਼ੀ ਆਬਾਦੀ ਹੈ।
ਵਾਰਡ ਨੰਬਰ ਇੱਕ ਦੇ ਵਾਸੀ ਜੈ ਪ੍ਰਕਾਸ਼ ਸਿੰਘ, ਫਤਿਹ ਸਿੰਘ, ਬਲਦੇਵ ਸਿੰਘ, ਮਲੂਕ ਸਿੰਘ, ਦਲਜੀਤ ਸਿੰਘ, ਜਗਜੀਤ ਸਿੰਘ, ਕੁਲਵੰਤ ਸਿੰਘ, ਬਲਜੀਤ ਕੌਰ, ਡੇਜੀ ਅਮਰਜੀਤ ਕੌਰ, ਸੁਰਜੀਤ ਕੌਰ, ਰਣਜੀਤ ਕੌਰ, ਬਿਮਲਾ ਰਾਣੀ ਅਤੇ ਕੁਲਜੀਤ ਕੌਰ ਨੇ ਦੱਸਿਆ ਕਿ ਵਾਰਡ ਦੀਆਂ ਵਾਰਡ ਦਾ ਕਾਫ਼ੀ ਹਿੱਸੇ ਦੀਆਂ ਗਲੀਆਂ-ਨਾਲੀਆਂ ਸਮਿੰਟ ਨਾਲ ਬਣੀਆਂ ਹੋਈਆਂ ਹਨ ਪਰ ਵਾਰਡ ਵਿੱਚ ਨਵੇਂ ਆਬਾਦੀ ਵਾਲੇ ਇਲਾਕੇ ਦੀਆਂ ਗਲੀਆਂ-ਨਾਲੀਆਂ ਹਾਲੇ ਤੱਕ ਕੱਚੀਆਂ ਪਈਆਂ ਹਨ। ਵਾਰਡ ਦਾ ਕਾਫੀ ਇਲਾਕਾ ਸੀਵਰੇਜ ਤੋਂ ਅਧੂਰਾ ਹੈ ਜਿੱਥੇ ਸੀਵਰੇਜ ਪੈ ਵੀ ਚੁੱਕਿਆ ਹੈ ਉੱਥੇ ਸੀਵਰੇਜ ਅਕਸਰ ਬੰਦ ਰਹਿੰਦਾ ਹੈ। ਨਵੀਂ ਆਬਾਦੀ ਵਾਲੀਆਂ ਗਲੀਆਂ ਕੱਚੀਆਂ ਹੋਣ ਅਤੇ ਸੀਵਰੇਜ ਨਾ ਹੋਣ ਕਰ ਕੇ ਵਾਰਡ ਵਿੱਚ ਸਫ਼ਾਈ ਦਾ ਹਾਲ ਮਾੜਾ ਹੈ। ਖਾਲੀ ਪਏ ਪਲਾਟਾਂ ਵਿੱਚ ਵੱਡੀ ਪੱਧਰ ਉੱਤੇ ਘਾਹ ਉੱਗਿਆ ਹੋਣ ਕਰਕੇ ਮੱਛਰਾਂ ਦੀ ਭਰਮਾਰ ਹੈ। ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਚਲਦਿਆਂ ਸਟਰੀਟ ਲਾਈਟਾਂ ਦੀ ਬੇਹੱਦ ਜ਼ਰੂਰਤ ਹੈ ਪਰ ਇਸ ਵਾਰਡ ਵਿੱਚ ਸਟਰੀਟ ਲਾਈਟਾਂ ਦੀ ਘਾਟ ਕਰ ਕੇ ਬਹੁਤੇ ਇਲਾਕਿਆਂ ਵਿੱਚ ਹਨੇਰਾ ਛਾਇਆ ਰਹਿੰਦਾ ਹੈ। ਗਲੀਆਂ ਵਿੱਚ ਲੱਗੀਆਂ ਬਹੁਤੀਆਂ ਸਟਰੀਟ ਲਾਈਟਾਂ ਰਿਪੇਅਰ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਬੰਦ ਪਈਆਂ ਹਨ। ਸੀਵਰੇਜ ਦੀ ਘਾਟ ਕਰ ਕੇ ਬਾਰਿਸ਼ ਦੇ ਮੌਸਮ ਵਿੱਚ ਗਲੀਆਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਾਰਡ ਵਾਸੀਆਂ ਦੀ ਮੰਗ ਹੈ ਕਿ ਪਹਿਲ ਦੇ ਅਧਾਰ ਉੱਤੇ ਇਸ ਵਾਰਡ ਵਿੱਚ ਸੀਵਰੇਜ ਪਾ ਕੇ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾਵੇ।
-----
ਵਾਰਡ ਨੰਬਰ 1
ਕੁੱਲ ਵੋਟਾਂ : 1468
ਪੁਰਸ਼ ਵੋਟਰ 725
ਔਰਤ ਵੋਟਰ 743
ਬੂਥ ਨੰਬਰ : 114, 115
-----
ਸੂਬਾ ਸਰਕਾਰ ਵੱਲੋਂ ਮਿਆਦ ਪੂਰੀ ਕਰਨ ਮਗਰੋਂ 104 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਭੰਗ ਕੀਤੇ ਜਾਣ ਮਗਰੋਂ ਪ੍ਰਬੰਧਕ ਲੱਗ ਗਏ ਹਨ। ਰਸਮੀ ਤੌਰ ਤੇ ਭਾਵੇਂ ਚੋਣਾਂ ਦਾ ਐਲਾਨ ਨਹੀਂ ਹੋਇਆ ਪਰ ਜਿਨ੍ਹਾਂ ਸ਼ਹਿਰਾਂ ਵਿੱਚ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਨੇੜ ਭਵਿੱਖ ਵਿੱਚ ਹੋਣੀਆਂ ਹਨ ਉੱਥੇ ਚੋਣਾਂ ਲੜਨ ਦੇ ਚਾਹਵਾਨਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪੰਜਾਬੀ ਜਾਗਰਣ ਵੱਲੋਂ 1976 ਤੋਂ ਹੋਂਦ ਵਿੱਚ ਆਈ ਨਗਰ ਕੌਂਸਲ ਪਾਤੜਾਂ ਅਧੀਨ ਸ਼ਹਿਰ ਵਾਸੀ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਆਉਂਦੀਆਂ ਚੋਣਾਂ ਵਿੱਚ ਚੁਣੇ ਜਾਣ ਵਾਲੇ ਨੁਮਾਇੰਦੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕੋਸ਼ਿਸ਼ ਕਰਨ।