ਹਾਕਰ ਤੋਂ ਲੈ ਕੇ ਡਾਇਰੈਕਟਰ ਲੋਕ ਸੰਪਰਕ ਤੱਕ ਡਾ. ਖੋਖਰ ਦਾ ਪ੍ਰੇਰਨਾਦਾਇਕ ਸਫ਼ਰ
ਹਾਕਰ ਤੋਂ ਲੈ ਕੇ ਡਾਇਰੈਕਟਰ ਲੋਕ ਸੰਪਰਕ ਤੱਕ : ਡਾ. ਖੋਖਰ ਦਾ ਪ੍ਰੇਰਨਾਦਾਇਕ ਸਫ਼ਰ
Publish Date: Thu, 23 Apr 2026 05:01 PM (IST)
Updated Date: Thu, 23 Apr 2026 05:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡਾ. ਹਰਮਿੰਦਰ ਸਿੰਘ ਖੋਖਰ ਦਾ ਪਟਿਆਲਾ ਸ਼ਹਿਰ ਦੀਆਂ ਗਲੀਆਂ ਵਿੱਚ ਅਖ਼ਬਾਰ ਵੇਚਣ ਤੋਂ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਬਣਨ ਤੱਕ ਦਾ ਸਫ਼ਰ ਦ੍ਰਿੜ ਇਰਾਦੇ, ਸਖ਼ਤ ਮਿਹਨਤ ਅਤੇ ਭਾਈਚਾਰਕ ਸਾਂਝ ਦਾ ਪ੍ਰਮਾਣ ਹੈ। ਗ਼ਰੀਬੀ ਅਤੇ ਕਈ ਚੁਣੌਤੀਆਂ ਦੇ ਬਾਵਜੂਦ, ਉਹ ਅਕਾਦਮਿਕ ਉੱਤਮਤਾ ਅਤੇ ਸਮਾਜਿਕ ਵਚਨਬੱਧਤਾ ਦੇ ਇੱਕ ਚਾਨਣ ਮੁਨਾਰੇ ਵਜੋਂ ਉੱਭਰੇ। ਆਪਣੀ ਪੜ੍ਹਾਈ ਦਾ ਖ਼ਰਚਾ ਚੁੱਕਣ ਲਈ ਪਟਿਆਲਾ ਦੀਆਂ ਸੜਕਾਂ ’ਤੇ ਅਖ਼ਬਾਰਾਂ ਵੇਚਣ ਵਾਲੇ ਹਾਕਰ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲ਼ੇ ਡਾ. ਖੋਖਰ ਦੀ ਡਾਇਰੈਕਟਰ ਲੋਕ ਸੰਪਰਕ ਵਜੋਂ ਨਿਯੁਕਤੀ ਨੂੰ ਮਹਿਜ਼ ਇੱਕ ਪ੍ਰਸ਼ਾਸਨਿਕ ਪ੍ਰਾਪਤੀ ਦੀ ਬਜਾਏ ਮਿਹਨਤ ਅਤੇ ਉਮਰ ਭਰ ਸਿੱਖਣ ਦੇ ਜਜ਼ਬੇ ਦੀ ਜਿੱਤ ਦਾ ਇੱਕ ਸ਼ਕਤੀਸ਼ਾਲੀ ਪ੍ਰਮਾਣ ਅਤੇ ਹੋਰਨਾਂ ਲਈ ਪ੍ਰੇਰਨਾ ਸਰੋਤ ਵਜੋਂ ਵੇਖਿਆ ਜਾ ਰਿਹਾ ਹੈ। ਡਾ. ਹਰਮਿੰਦਰ ਸਿੰਘ ਖੋਖਰ ਆਪਣੇ ਸ਼ੁਰੂਆਤੀ ਦਿਨਾਂ ਦੇ ਨਿਮਾਣੇ ਪਹਿਲੂ ਨੂੰ ਬੜੇ ਮਾਣ ਨਾਲ ਸਾਂਝਾ ਕਰਦੇ ਹਨ। ਡਾ. ਖੋਖਰ ਦੱਸਦੇ ਹਨ ਕਿ ਉਸ ਦੌਰ ਵਿੱਚ ਜਦੋਂ ਅਖ਼ਬਾਰ ਹੀ ਸੂਚਨਾ ਦਾ ਮੁੱਖ ਸੋਮਾ ਹੁੰਦੇ ਸਨ, ਤਾਂ ਉਹ ਆਪਣੀ ਨੌਜਵਾਨੀ ਦੇ ਦਿਨਾਂ ਵਿੱਚ ਰੋਜ਼ਾਨਾ ਸਵੇਰੇ ਸਾਈਕਲ ’ਤੇ ਅਖ਼ਬਾਰਾਂ ਦੇ ਬੰਡਲ ਲੱਦ ਕੇ ਜਾਂ ਪੈਦਲ ਹੀ ਗਲੀਆਂ ਵਿੱਚ ਹੋਕੇ ਦਿੰਦੇ ਹੋਏ ਪਾਠਕਾਂ ਤੱਕ ਖ਼ਬਰਾਂ ਪਹੁੰਚਾਉਂਦੇ ਸਨ। ਇਸ ਮੌਕੇ ਡਾ. ਖੋਖਰ ਦੱਸਦੇ ਹਨ ਕਿ ਉਨ੍ਹਾਂ ਦੇ ਸਫ਼ਰ ਦੀ ਸ਼ੁਰੂਆਤ ਪਟਿਆਲਾ ਦੀਆਂ ਉਨ੍ਹਾਂ ਗਲੀਆਂ ਤੋਂ ਹੋਈ ਹੈ, ਜਿੱਥੇ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ, ਗਾਂਧੀ ਨਗਰ ਤੋਂ ਆਪਣੀ ਮੁੱਢਲੀ ਸਿੱਖਿਆ ਪੂਰੀ ਕੀਤੀ। ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੋਂ ਬੀਏ (ਆਨਰਜ਼) ਅਤੇ ਐੱਮਏ (ਇਤਿਹਾਸ) ਦੀ ਡਿਗਰੀ ਹਾਸਲ ਕੀਤੀ। ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ (ਐੱਲਐੱਲਬੀ) ਦੀ ਪੜ੍ਹਾਈ ਵੀ ਕੀਤੀ, ਜਿਸ ਨੇ ਉਨ੍ਹਾਂ ਦੇ ਬਹੁ-ਪੱਖੀ ਕਰੀਅਰ ਦੀ ਮਜ਼ਬੂਤ ਨੀਂਹ ਰੱਖੀ। ਸਾਲ 1998 ਵਿੱਚ ਉਨ੍ਹਾਂ ਦੀ ਪ੍ਰਤਿਭਾ ਅਤੇ ਸਖ਼ਤ ਮਿਹਨਤ ਨੂੰ ਉਸ ਸਮੇਂ ਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੀ, ਜਦੋਂ ਉਨ੍ਹਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵੱਕਾਰੀ ਪ੍ਰੀਖਿਆ ਪਾਸ ਕੀਤੀ ਅਤੇ ਭਾਰਤੀ ਸੂਚਨਾ ਸੇਵਾ ਵਿੱਚ ਸ਼ਾਮਲ ਹੋਏ। ਡਾ. ਖੋਖਰ ਦੱਸਦੇ ਹਨ ਕਿ ਸਾਲ 2001 ਵਿੱਚ ਆਪਣੀ ਮਾਂ-ਸੰਸਥਾ ਦੀ ਸੇਵਾ ਕਰਨ ਲਈ ਅਕਾਦਮਿਕ ਖੇਤਰ ਵਿੱਚ ਵਾਪਸ ਆਉਣ ਦਾ ਫੈਸਲਾ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਸਹਾਇਕ ਲੋਕ ਸੰਪਰਕ ਅਧਿਕਾਰੀ ਵਜੋਂ ਸ਼ਾਮਲ ਹੋਏ। 2014 ਵਿੱਚ ਇੱਥੇ ਲੋਕ ਸੰਪਰਕ ਅਧਿਕਾਰੀ ਬਣੇ ਅਤੇ ਯੂਨੀਵਰਸਿਟੀ ਸਾਇੰਸ ਇੰਸਟਰੂਮੈਂਟੇਸ਼ਨ ਸੈਂਟਰ ਦੇ ਇੰਚਾਰਜ ਵਜੋਂ ਵਾਧੂ ਜ਼ਿੰਮੇਵਾਰੀ ਵੀ ਨਿਭਾਈ। ਡਾ. ਖੋਖਰ ਦਾ ਕਹਿਣਾ ਹੈ ਕਿ ਅੱਜ ਦੇ ਅਜਿਹੇ ਦੌਰ ਵਿੱਚ ਅਕਸਰ ਰਾਤੋ-ਰਾਤ ਮਿਲਣ ਵਾਲ਼ੀ ਸਫਲਤਾ ਨੂੰ ਵਡਿਆਇਆ ਜਾਂਦਾ ਹੈ, ਪਰ ਉਨ੍ਹਾਂ ਦੇ ਹੱਡੀਂ ਹੰਢਾਏ ਸਫ਼ਰ ਦੀ ਕਹਾਣੀ ਇਸ ਗੱਲ ਦਾ ਪ੍ਰਮਾਣ ਹੈ ਕਿ ਕਦਮ-ਦਰ-ਕਦਮ, ਡਿਗਰੀ-ਦਰ-ਡਿਗਰੀ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਕੇ ਹੀ ਅਸਲ ਮਹਾਨਤਾ ਬਣਦੀ ਹੈ।