ਵਲੰਟੀਅਰ ਹੀ ਭਾਸ਼ਾਈ ਭਾਈਚਾਰੇ ਦੀ ਅਸਲ ਤਾਕਤ : ਤਨਵੀਰ ਹਸਨ
ਵਲੰਟੀਅਰ ਹੀ ਭਾਸ਼ਾਈ ਭਾਈਚਾਰੇ ਦੀ ਅਸਲ ਤਾਕਤ—ਤਨਵੀਰ ਹਸਨ
Publish Date: Thu, 23 Apr 2026 04:36 PM (IST)
Updated Date: Thu, 23 Apr 2026 04:40 PM (IST)

- ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਦੀ ਵਰਕਸ਼ਾਪ ’ਚ ਅੰਤਰਰਾਸ਼ਟਰੀ ਮਾਹਿਰਾਂ ਵੱਲੋਂ ਟ੍ਰੇਨਿੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕਿਸੇ ਵੀ ਭਾਸ਼ਾਈ ਭਾਈਚਾਰੇ ਦੀ ਅਸਲੀ ਤਾਕਤ ਉਸ ਦੇ ਜਾਗਰੂਕ ਅਤੇ ਸਰਗਰਮ ਵਲੰਟੀਅਰਾਂ ਵਿੱਚ ਨਿਹਿਤ ਹੁੰਦੀ ਹੈ। ਜਦੋਂ ਸਵੈ ਸੇਵਾ ਸੰਸਕਾਰ ਮਜ਼ਬੂਤ ਹੁੰਦਾ ਹੈ, ਉਦੋਂ ਹੀ ਭਾਸ਼ਾ ਅਤੇ ਗਿਆਨ ਦੀ ਪਹੁੰਚ ਵੱਧਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਂਟਰ ਫਾਰ ਇੰਟਰਨੈੱਟ ਐਂਡ ਸੁਸਾਇਟੀ ਦੇ ਕਾਰਜਕਾਰੀ ਨਿਦੇਸ਼ਕ ਅਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਇਨਫਾਰਮੇਸ਼ਨ ਟੈਕਨਾਲੋਜੀ ਹੈਦਰਾਬਾਦ ਦੇ ਪ੍ਰਾਜੈਕਟ ਓਪਨ ਨਾਲੇਜ ਇਨੀਸ਼ਿਏਟਿਵ ਦੇ ਮੁੱਖ ਆਰਕੀਟੈਕਟ ਤਨਵੀਰ ਹਸਨ ਨੇ ਕੀਤਾ। ਉਹ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਵਲੰਟੀਅਰਾਂ ਲਈ ਕਰਵਾਈ ਗਈ ਦੋ ਰੋਜ਼ਾ ਸਕਿੱਲ ਡਿਵੈਲਪਮੈਂਟ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ। ਗਰੁੱਪ ਦੇ ਵਲੰਟੀਅਰ ਮੀਡੀਆ ਐਡਵਾਈਜ਼ਰ ਅਮਨ ਅਰੋੜਾ ਨੇ ਦੱਸਿਆ ਕਿ ਸੀਨੀਅਰ ਵਿਕੀਮੀਡੀਅਨਜ਼ ਨਿਤੇਸ਼ ਗਿੱਲ ਅਤੇ ਗਰੁੱਪ ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਦੀ ਅਗਵਾਈ ਵਿੱਚ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਅੰਤਰਰਾਸ਼ਟਰੀ ਪੱਧਰ ਦੇ ਮਾਹਿਰਾਂ ਵੱਲੋਂ ਵਲੰਟੀਅਰ ਵਿਕੀਮੀਡੀਅਨਜ਼ ਨੂੰ ਵੱਖ-ਵੱਖ ਵਿਸ਼ਿਆਂ ’ਤੇ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਤਨਵੀਰ ਹਸਨ ਅਹਿਮਦ ਖਾਨ ਨੇ ਉਨ੍ਹਾਂ ਜ਼ੋਰ ਦਿੱਤਾ ਕਿ ਸਮਰੱਥਾ ਵਿਕਾਸ ਅਤੇ ਭਾਸ਼ਾ ਪ੍ਰਚਾਰ ਨੂੰ ਇਕੱਠੇ ਅੱਗੇ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਭਾਈਚਾਰਾ ਨਿਰੰਤਰ ਤਰੱਕੀ ਕਰ ਸਕੇ। ਫਾਊਂਡੇਸ਼ਨ ਦੇ ਮੂਵਮੈਂਟ ਕਮਿਊਨਿਕੇਸ਼ਨ ਮੈਨੇਜਰ ਰਚਿਤ ਸ਼ਰਮਾ ਨੇ ਸੰਸਥਾ ਦੀ ਸਾਲਾਨਾ ਯੋਜਨਾ ਅਤੇ ਸੰਚਾਰ ਦੇ ਵੱਖ-ਵੱਖ ਸਾਧਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਕੀਮੀਡੀਆ ਫਾਊਂਡੇਸ਼ਨ ਦੀ ਸੀਨੀਅਰ ਟਰੱਸਟ ਐਂਡ ਸੇਫਟੀ ਕਮਿਊਨਿਟੀ ਗਵਰਨਾਂਸ ਸਪੈਸ਼ਲਿਸਟ ਮਾਨਵਪ੍ਰੀਤ ਕੌਰ ਨੇ ਵਿਆਪਕ ਆਚਾਰ ਜ਼ਾਬਤੇ ਬਾਰੇ ਚਰਚਾ ਕੀਤੀ। ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਵਿਕੀਮੀਡੀਆ ਫਾਊਂਡੇਸ਼ਨ ਦੇ ਲੀਡ ਪਾਰਟਨਰਸ਼ਿਪ ਮੈਨੇਜਰ ਪ੍ਰਵੀਨ ਦਾਸ, ਸੀਨੀਅਰ ਰਿਸਰਚ ਮੈਨੇਜਰ ਸਨੇਹਾ, ਕੰਟੈਂਟ ਇਨੇਬਲਮੈਂਟ ਮੈਨੇਜਰ ਸਤਦੀਪ ਗਿੱਲ ਅਤੇ ਸੰਸਥਾਪਕ ਮੇਧਾਵੀ ਗਾਂਧੀ ਵੱਲੋਂ ਵਿਰਾਸਤ ਸੰਭਾਲ ਵਿੱਚ ਡਿਜ਼ੀਟਲ ਪਲੇਟਫਾਰਮਾਂ ਦੀ ਭੂਮਿਕਾ ਬਾਰੇ ਵਲੰਟੀਅਰਜ਼ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ। ਵਰਕਸ਼ਾਪ ਵਿੱਚ ਸੀਨੀਅਰ ਵਿਕੀਮੀਡੀਅਨ ਚਰਨ ਗਿੱਲ, ਡਾ. ਸਟਾਲਿਨਜੀਤ ਬਰਾੜ, ਡਾ. ਗੌਰਵ ਝੰਮਟ, ਨਿਸ਼ਾਨ ਸਿੰਘ ਵਿਰਦੀ, ਗੁਰਮੇਲ ਕੌਰ, ਤਮਨਪ੍ਰੀਤ ਕੌਰ ਸਮੇਤ ਦੋ ਦਰਜਨ ਤੋਂ ਵੱਧ ਵਲੰਟੀਅਰਾਂ ਨੇ ਸਿਖਲਾਈ ਹਾਸਲ ਕੀਤੀ।