ਅਰਬਨ ਅਸਟੇਟ ਜੁਆਇੰਟ ਫੋਰਮ ਨੇ ਪਰਨੀਤ ਕੌਰ ਨਾਲ ਕੀਤੀ ਮੁਲਾਕਾਤ
ਅਰਬਨ ਅਸਟੇਟ ਜੁਆਇੰਟ ਫੋਰਮ ਨੇ ਪਰਨੀਤ ਕੌਰ ਨਾਲ ਕੀਤੀ ਮੁਲਾਕਾਤ
Publish Date: Thu, 23 Apr 2026 04:23 PM (IST)
Updated Date: Thu, 23 Apr 2026 04:25 PM (IST)

- ਸਮੱਸਿਆਵਾਂ ਤੋਂ ਕਰਵਾਇਆ ਜਾਣੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਅਰਬਨ ਅਸਟੇਟ ਫੇਜ਼-ਇਕ, ਦੋ, ਤਿੰਨ ਅਤੇ ਚਾਰ ਦੀਆਂ ਸਾਂਝੀਆਂ ਮੁਸ਼ਕਿਲਾਂ ਦੇ ਹੱਲ ਲਈ ‘ਜੁਆਇੰਟ ਫੋਰਮ ਅਰਬਨ ਅਸਟੇਟ’ ਦਾ ਇੱਕ ਵਿਸ਼ੇਸ਼ ਵਫ਼ਦ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੂੰ ਮਿਲਿਆ। ਫੋਰਮ ਦੇ ਪ੍ਰਧਾਨ ਯੁਵਰਾਜ ਸਿੰਘ ਅਤੇ ਜਨਰਲ ਸਕੱਤਰ ਜਗਰੂਪ ਸਿੰਘ ਮਹਿਮਦਪੁਰ ਦੀ ਅਗਵਾਈ ਹੇਠ ਹੋਈ ਇਸ ਮੁਲਾਕਾਤ ਦੌਰਾਨ ਇਲਾਕਾ ਵਾਸੀਆਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਵਫ਼ਦ ਨੇ ਪਰਨੀਤ ਕੌਰ ਦੇ ਧਿਆਨ ਵਿੱਚ ਲਿਆਂਦਾ ਕਿ ਇਲਾਕੇ ਦੀਆਂ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ, ਜਿਸ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਇਸ ਤੋਂ ਇਲਾਵਾ ਅਵਾਰਾ ਡੰਗਰਾਂ ਅਤੇ ਕੁੱਤਿਆਂ ਦੀ ਵਧਦੀ ਗਿਣਤੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪਾਰਕ ਨੰਬਰ 39 ਵਿੱਚ ਵਾਟਰ ਰੀਚਾਰਜ ਪੁਆਇੰਟ ਦਾ ਕੰਮ ਜੋ ਸ਼ੁਰੂ ਹੋਇਆ ਸੀ, ਉਸ ਨੂੰ ਕਥਿਤ ਮਿਲੀਭੁਗਤ ਨਾਲ ਵਿਚਾਲੇ ਹੀ ਬੰਦ ਕਰਵਾ ਦਿੱਤਾ ਗਿਆ ਹੈ। ਮੀਟਿੰਗ ਦੌਰਾਨ ਪੀ.ਡਬਲਯੂ.ਐੱਸ ਕੁਆਰਟਰ ਐਸੋਸੀਏਸ਼ਨ ਦੇ ਨੁਮਾਇੰਦੇ ਮੁਕੇਸ਼ ਨੇ ਹੜ੍ਹਾਂ ਵਰਗੀ ਕੁਦਰਤੀ ਆਫ਼ਤ ਸਮੇਂ ਆਉਣ ਵਾਲੀਆਂ ਦਿੱਕਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪੁੱਡਾ ਵੱਲੋਂ ਕੁਆਟਰਾਂ ਮਾਲਕ ਨੂੰ ਪਹਿਲੀ ਮੰਜ਼ਿਲ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਹੜ੍ਹ ਵਰਗੀ ਸਥਿਤੀ ਵਿੱਚ ਲੋਕ ਆਪਣੀ ਜਾਨ-ਮਾਲ ਦੀ ਰਾਖੀ ਲਈ ਉੱਪਰਲੀ ਮੰਜ਼ਿਲ ਤੇ ਸ਼ਿਫਟ ਹੋ ਸਕਣ। ਪਰਨੀਤ ਕੌਰ ਨੇ ਵਫ਼ਦ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਮੌਕੇ ਤੇ ਹੀ ਪੁੱਡਾ ਦੇ ਚੀਫ਼ ਐਡਮਨਿਸਟ੍ਰੇਟਰ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਰੁਕੇ ਹੋਏ ਪ੍ਰਾਜੈਕਟਾਂ ਨੂੰ ਜਲਦ ਸ਼ੁਰੂ ਕਰਵਾਇਆ ਜਾਵੇਗਾ ਅਤੇ ਅਰਬਨ ਅਸਟੇਟ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਜੇਪੀ ਸਿੰਘ, ਕੁਲਜੀਤ ਧੀਮਾਨ, ਪਰਮਵੀਰ ਸਿੰਘ, ਅਸ਼ੋਕ ਅੱਤਰੀ, ਗੁਰਮੁੱਖ ਸਿੰਘ, ਮੁਕੇਸ਼ ਪਰਿਸ, ਜੈ ਭਗਵਾਨ, ਅਮਨ, ਜਰਮਨ ਸਿੰਘ ਅਤੇ ਸੰਜੀਵ ਕੁਮਾਰ ਸ਼ਰਮਾ ਸਮੇਤ ਹੋਰ ਪਤਵੰਤੇ ਮੌਜੂਦ ਸਨ।