ਪੀਯੂ ਭਾਸ਼ਾ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਵੱਲੋਂ ਵੀਸੀ ਦਫ਼ਤਰ ਅੱਗੇ ਧਰਨਾ
ਪੀਯੂ: ਭਾਸ਼ਾ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਵੱਲੋਂ ਵੀਸੀ ਦਫ਼ਤਰ ਅੱਗੇ ਧਰਨਾ
Publish Date: Thu, 23 Apr 2026 04:11 PM (IST)
Updated Date: Thu, 23 Apr 2026 04:16 PM (IST)

- ਜਦੋਂ ਤੱਕ ਵਿਤਕਰਾ ਖਤਮ ਨਹੀਂ ਹੁੰਦਾ, ਧਰਨਾ ਰਹੇਗਾ ਜਾਰੀ : ਡਾ. ਵਿਰਕ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਢਾਂਚੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਭਾਸ਼ਾ ਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਸੈਨੇਟ ਮੈਂਬਰ ਡਾ. ਸੁਮਨ ਪ੍ਰੀਤ ਵਿਰਕ ਵੱਲੋਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਦੁਪਹਿਰ 12 ਵਜੇ ਤੋਂ ਸ਼ੁਰੂ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਡਾ. ਵਿਰਕ ਨੇ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼ ਲਗਾਇਆ ਕਿ ਵਿਭਾਗ ਵਿੱਚ ਇਕਲੌਤੇ ਯੋਗ ਅਧਿਆਪਕ ਹੋਣ ਦੇ ਬਾਵਜੂਦ, ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਲਗਾਤਾਰ ਅਣਦੇਖਿਆ ਕੀਤਾ ਜਾ ਰਿਹਾ ਹੈ। ਡਾ. ਵਿਰਕ ਮੁਤਾਬਕ, ਪ੍ਰਸ਼ਾਸਨ ਦੀਆਂ ਗਲਤ ਨੀਤੀਆਂ ਅਤੇ ਨਿੱਜੀ ਪੱਖਪਾਤ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਸਿਰਫ਼ ਮੇਰੀ ਵਿਅਕਤੀਗਤ ਲੜਾਈ ਨਹੀਂ ਹੈ, ਸਗੋਂ ਲਿੰਗੁਇਸਟਿਕਸ ਵਰਗੇ ਮਹੱਤਵਪੂਰਨ ਅਕਾਦਮਿਕ ਵਿਸ਼ੇ ਦੀ ਹੋਂਦ ਨੂੰ ਬਚਾਉਣ ਦੀ ਜੰਗ ਹੈ। ਸੈਨੇਟ ਮੈਂਬਰ ਵਰਗੇ ਉੱਚ ਅਹੁਦੇ ਤੇ ਬਿਰਾਜਮਾਨ ਅਧਿਆਪਕ ਵੱਲੋਂ ਲਏ ਗਏ ਇਸ ਸਖ਼ਤ ਫੈਸਲੇ ਨੇ ਯੂਨੀਵਰਸਿਟੀ ਕੈਂਪਸ ਵਿੱਚ ਹਲਚਲ ਮਚਾ ਦਿੱਤੀ ਹੈ। ਜਿਵੇਂ-ਜਿਵੇਂ ਦਿਨ ਚੜ੍ਹਿਆ, ਡਾ. ਵਿਰਕ ਦੇ ਸਮਰਥਨ ਵਿੱਚ ਹੋਰ ਵੀ ਪ੍ਰੋਫੈਸਰ ਸ਼ਾਮਿਲ ਹੋਣ ਲੱਗੇ। ਯੂਨੀਵਰਸਿਟੀ ਦੇ ਅਧਿਆਪਕ ਵਰਗ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਜੇਕਰ ਇਕ ਸੈਨੇਟ ਮੈਂਬਰ ਨੂੰ ਆਪਣੇ ਹੱਕਾਂ ਲਈ ਵੀਸੀ ਦਫ਼ਤਰ ਅੱਗੇ ਬੈਠਣਾ ਪੈ ਰਿਹਾ ਹੈ, ਤਾਂ ਆਮ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦਾ ਕੀ ਹਾਲ ਹੋਵੇਗਾ। ਫਿਲਹਾਲ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਦਾ ਹੈ ਜਾਂ ਫਿਰ ਇਹ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਰੂਪ ਅਖ਼ਤਿਆਰ ਕਰੇਗਾ। ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਅਥਾਰਟੀ ਦੇ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਕ ਮਹਿਲਾ ਪ੍ਰੋਫੈਸਰ ਨਾਲ ਹੋ ਰਹੇ ਅਨਿਆਂ ਨੂੰ ਤੁਰੰਤ ਬੰਦ ਕੀਤਾ ਜਾਵੇ। ਡਾ. ਵਿਰਕ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਦਾ ਮੌਜੂਦਾ ਰਵੱਈਆ ਨਾ ਸਿਰਫ਼ ਗੈਰ-ਕਾਨੂੰਨੀ ਹੈ, ਸਗੋਂ ਅਕਾਦਮਿਕ ਨਿਯਮਾਂ ਦੀ ਵੀ ਉਲੰਘਣਾ ਕਰਦਾ ਹੈ। ਉਨ੍ਹਾਂ ਕਿਹਾ ‘ਕਿਸੇ ਵੀ ਅਕਾਦਮਿਕ ਅਦਾਰੇ ਵਿੱਚ ਮੈਰਿਟ ਅਤੇ ਯੋਗਤਾ ਨੂੰ ਦਰਕਿਨਾਰ ਕਰਨਾ ਬੇਹੱਦ ਮੰਦਭਾਗਾ ਹੈ। ਜਦੋਂ ਤੱਕ ਮੇਰੇ ਵਿਸ਼ੇ ਨਾਲ ਹੋ ਰਿਹਾ ਵਿਤਕਰਾ ਖ਼ਤਮ ਨਹੀਂ ਹੁੰਦਾ ਅਤੇ ਮੈਨੂੰ ਬਣਦਾ ਹੱਕ ਨਹੀਂ ਮਿਲਦਾ, ਇਹ ਧਰਨਾ ਜਾਰੀ ਰਹੇਗਾ। ਜਲਦੀ ਹੱਲ ਹੋਵੇਗਾ ਮਸਲਾ : ਵੀਸੀ ਪੰਜਾਬੀ ਯੂਨੀਵਰਸਿਟੀ ਵਾਇਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ਵਿਚ ਆਇਆ ਹੈ, ਪ੍ਰੰਤੂ ਉਹ ਅੱਜ ਬਾਹਰ ਹੋਣ ਕਾਰਨ ਮਿਲ ਨਹੀਂ ਸਕਦੇ। ਵਾਈਸ ਚਾਂਸਲਰ ਅਨੁਸਾਰ ਵਿਭਾਗ ਮੁਖੀ ਸਬੰਧੀ ਮਸਮਲਾ ਹੈ, ਇਸ ਸਬੰਧੀ ਪਹਿਲਾਂ ਮਾਹਿਰਾਂ ਦੀ ਕਮੇਟੀ ਬਣਾਈ ਗਈ ਸੀ, ਜਿਸਦੀ ਰਿਪੋਰਟ ’ਤੇ ਸਿੰਡੀਕੇਟ ਵਲੋਂ ਹੀ ਫੈਸਲਾ ਲਿਆ ਗਿਆ ਸੀ। ਵੀਸੀ ਨੇ ਕਿਹਾ ਕਿ ਇਸ ਮਸਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ।