ਬਨੂੜ-ਲਾਲੜੂ ਸੜਕ ਤੇ ਮਨੌਲੀ ਸੂਰਤ ਚੋਈ ਦੀ ਪੁਲੀ ਦਾ ਕੰਮ ਅਧਵਾਟੇ: ਰਾਹਗੀਰ ਪ੍ਰੇਸ਼ਾਨ
ਬਨੂੜ-ਲਾਲੜੂ ਸੜਕ ਤੇ ਮਨੌਲੀ ਸੂਰਤ ਚੋਈ ਦੀ ਪੁਲੀ ਦਾ ਕੰਮ ਅਧਵਾਟੇ: ਰਾਹਗੀਰ ਪ੍ਰੇਸ਼ਾਨ
Publish Date: Sat, 18 Apr 2026 07:59 PM (IST)
Updated Date: Sun, 19 Apr 2026 04:16 AM (IST)

ਪਿੰਡਾਂ ਦੇ ਵਸਨੀਕਾਂ ਵੱਲੋਂ ਪੁਲੀ ਦੀ ਤੁਰੰਤ ਪੱਕੀ ਉਸਾਰੀ ਕਰਾਏ ਜਾਣ ਦੀ ਮੰਗ ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ ਲਾਲੜੂ ਨੂੰ ਜਾਂਦੀ ਸੜਕ ਉੱਤੇ ਪਿੰਡ ਮਨੌਲੀ ਸੂਰਤ ਦੇ ਘੱਗਰ ਦਰਿਆ ਦੇ ਨੇੜੇ ਚੋਈ ਦੀ ਪੁਲੀ ਦਾ ਕੰਮ ਅਧਵਾਟੇ ਪਿਆ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਪੁਲੀ ਦੇ ਪਹਿਲਾਂ ਲੱਗੇ ਪਾਇਪਾਂ ਦੀ ਪੁਟਾਈ ਕਰਕੇ ਆਰਜ਼ੀ ਰਸਤਾ ਬਣਾਇਆ ਹੋਇਆ ਹੈ। ਇਸ ਰਸਤੇ ’ਤੇ ਰੋਕ ਦੇ ਬਾਵਜੂਦ ਵੱਡੀ ਗਿਣਤੀ ’ਚ ਰੋਜ਼ਾਨਾ ਭਾਰੀ ਵਾਹਨ ਵੀ ਲੰਘ ਰਹੇ ਹਨ, ਜਿਸ ਕਾਰਨ ਹਾਦਸਾ ਵਾਪਰਨ ਦਾ ਵੀ ਡਰ ਹੈ। ਪਿੰਡ ਮਨੌਲੀ ਸੂਰਤ ਦੇ ਵਸਨੀਕਾਂ ਪਾਲ ਰਾਮ, ਗੁਰਪ੍ਰੀਤ ਸਿੰਘ, ਸਮਸ਼ੇਰ ਸਿੰਘ, ਮੇਵਾ ਸਿੰਘ, ਗਿਰਧਾਰੀ ਲਾਲ, ਲਾਲ ਚੰਦ, ਨਿਰਮੈਲ ਸਿੰਘ, ਲਾਭ ਸਿੰਘ, ਜਾਗੀਰ ਸਿੰਘ ਹੰਸਾਲਾ ਨੇ ਦੱਸਿਆ ਕਿ ਉਕਤ ਚੋਈ ਦੀ ਪੁਲੀ ਅਗਸਤ 2023 ਵਿਚ ਆਏ ਹੜਾਂ ਕਾਰਨ ਵਹਿ ਗਈ ਸੀ। ਉਨ੍ਹਾਂ ਕਿਹਾ ਕਿ ਉਦੋਂ ਤੋਂ ਹੀ ਇੱਥੇ ਪਾਈਪ ਲਾ ਕੇ ਆਰਜ਼ੀ ਪੁਲੀ ਬਣਾਈ ਹੋਈ ਸੀ ਤੇ ਪੱਕੇ ਪੁਲ ਦੀ ਉਸਾਰੀ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਮਹੀਨੇ ਪੁਲੀ ’ਤੇ ਲਾਏ ਪਾਈਪਾਂ ਨੂੰ ਪੁੱਟ ਦਿੱਤਾ ਗਿਆ ਸੀ ਤੇ ਇੱਕ ਪਾਸੇ ਦਾ ਆਰਜ਼ੀ ਲਾਂਘਾ ਚਾਲੂ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਪੁਲੀ ਦਾ ਕੰਮ ਹਾਲੇ ਤੱਕ ਚਾਲੂ ਨਹੀਂ ਕੀਤਾ ਗਿਆ, ਜਿਸ ਕਾਰਨ ਰਾਹਗੀਰ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਸ ਰਸਤੇ ’ਤੇ ਦਰਜਨਾਂ ਪਿੰਡਾਂ ਦੇ ਵਸਨੀਕ ਲੰਘਦੇ ਹਨ ਤੇ ਬਨੂੜ ਨੂੰ ਲਾਲੜੂ ਨਾਲ ਜੋੜਨ ਦਾ ਇਹ ਇੱਕੋ-ਇੱਕ ਸਿੱਧਾ ਤੇ ਘੱਟ ਦੂਰੀ ਵਾਲਾ ਰਾਹ ਹੈ। ਉਨ੍ਹਾਂ ਕਿਹਾ ਕਿ ਪੁੱਟੀ ਗਈ ਪੁਲੀ ਦੇ ਇੱਕ ਹਿੱਸੇ ਵਿਚ ਪਾਣੀ ਭਰਿਆ ਖੜਿਆ ਹੈ, ਜਿਸ ਨੂੰ ਅੱਜ ਕੱਢਣਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇੱਥੇ ਦੁਬਾਰਾ ਪਾਇਪਾਂ ਵਾਲੀ ਆਰਜ਼ੀ ਪੁਲੀ ਬਣਾਉਣ ਦੀ ਥਾਂ ਪੱਕੀ ਪੁਲੀ ਦੀ ਉਸਾਰੀ ਕਰਾਈ ਜਾਵੇ ਤਾਂ ਕਿ ਵਾਹਨ ਚਾਲਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।