ਕੇਂਦਰੀ ਜੇਲ੍ਹ ’ਚ ਤਲਾਸ਼ੀ ਅਭਿਆਨ, 3 ਮੋਬਾਈਲ ਬਰਾਮਦ
ਕੇਂਦਰੀ ਜੇਲ੍ਹ ’ਚ ਤਲਾਸ਼ੀ ਅਭਿਆਨ, ਤਿੰਨ ਮੋਬਾਇਲ ਬਰਾਮਦ
Publish Date: Sat, 18 Apr 2026 07:55 PM (IST)
Updated Date: Sun, 19 Apr 2026 04:15 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਮੋਬਾਈਲ ਫ਼ੋਨਾਂ ਦੀ ਵਰਤੋਂ ਨੂੰ ਲੈ ਕੇ ਪ੍ਰਸ਼ਾਸਨ ਸਖ਼ਤ ਨਜ਼ਰ ਆ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਜੇਲ੍ਹ ਅੰਦਰ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਵਰਤਣ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਹੋਈ ਬਰਾਮਦਗੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਤਿੰਨ ਹਵਾਲਾਤੀਆਂ ਕੋਲੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ। ਡੱਬੀ ਇਹ ਹਨ ਮਾਮਲੇ ਪਹਿਲਾ ਮਾਮਲਾ: ਸਹਾਇਕ ਸੁਪਰਡੈਂਟ ਲਖਵੀਰ ਸਿੰਘ ਦੀ ਸ਼ਿਕਾਇਤ ਤੇ ਹਵਾਲਾਤੀ ਸਫ਼ਲ ਸਿੰਘ ਵਾਸੀ ਪਿੰਡ ਬਰਿਆਲੀ, ਜ਼ਿਲ੍ਹਾ ਮੋਹਾਲੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਉਸ ਦੀ ਲੋਅਰ ਵਿੱਚੋਂ ਇੱਕ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਬਰਾਮਦ ਹੋਇਆ। ਦੂਜਾ ਮਾਮਲਾ: ਸਹਾਇਕ ਸੁਪਰਡੈਂਟ ਰਾਜੀਵ ਕੁਮਾਰ ਦੀ ਸ਼ਿਕਾਇਤ ਤੇ ਹਵਾਲਾਤੀ ਹਰਮੀਕ ਸਿੰਘ ਵਾਸੀ ਪਿੰਡ ਦੇਵੀ ਨਗਰ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਸ ਮੁਲਜ਼ਮ ਕੋਲੋਂ ਵੀ ਇੱਕ ਚੱਲਦਾ ਫ਼ੋਨ ਅਤੇ ਸਿਮ ਕਾਰਡ ਮਿਲਿਆ ਹੈ। ਤੀਜਾ ਮਾਮਲਾ: ਸਹਾਇਕ ਸੁਪਰਡੈਂਟ ਸਰਤਾਜ ਸਿੰਘ ਦੇ ਬਿਆਨਾਂ ਤੇ ਦਿਲਪ੍ਰੀਤ ਸਿੰਘ ਵਾਸੀ ਮਲੇਰਕੋਟਲਾ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਉਸ ਕੋਲੋਂ ਇੱਕ ਮੋਬਾਈਲ ਫ਼ੋਨ, ਸਿਮ ਕਾਰਡ ਅਤੇ ਹੋਰ ਸਬੰਧਤ ਸਾਮਾਨ ਬਰਾਮਦ ਕੀਤਾ ਗਿਆ ਹੈ। ਡੱਬੀ ਥਾਣਾ ਤ੍ਰਿਪੜੀ ਵਿਖੇ ਮਾਮਲੇ ਦਰਜ ਜੇਲ੍ਹ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਥਾਣਾ ਤ੍ਰਿਪੜੀ ਵਿੱਚ ਇਨ੍ਹਾਂ ਤਿੰਨਾਂ ਮੁਲਜ਼ਮਾਂ ਵਿਰੁੱਧ ‘ਪ੍ਰਿਜ਼ਨ ਐਕਟ’ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰ ਲਏ ਗਏ ਹਨ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੇਲ੍ਹ ਦੀ ਉੱਚ ਸੁਰੱਖਿਆ ਦੇ ਬਾਵਜੂਦ ਇਹ ਫ਼ੋਨ ਅਤੇ ਸਿਮ ਕਾਰਡ ਅੰਦਰ ਕਿਵੇਂ ਪਹੁੰਚੇ। ਕੇਂਦਰੀ ਜੇਲ੍ਹ ਪਟਿਆਲਾ ਵਿੱਚ ਪਹਿਲਾਂ ਵੀ ਕਈ ਵਾਰ ਮੋਬਾਈਲ ਫ਼ੋਨ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜੇਲ੍ਹ ਅੰਦਰ ਮੋਬਾਈਲ ਦੀ ਵਰਤੋਂ ਨਾ ਸਿਰਫ਼ ਸੁਰੱਖਿਆ ਲਈ ਖ਼ਤਰਾ ਹੈ, ਸਗੋਂ ਇਹ ਬਾਹਰ ਬੈਠੇ ਅਪਰਾਧੀਆਂ ਨਾਲ ਸੰਪਰਕ ਸਾਧਣ ਦਾ ਜ਼ਰੀਆ ਵੀ ਬਣਦੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹੀਆਂ ਚੈਕਿੰਗਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਜੇਲ੍ਹ ਨੂੰ ਨਸ਼ਾ ਅਤੇ ਮੋਬਾਈਲ ਮੁਕਤ ਬਣਾਇਆ ਜਾ ਸਕੇ।