ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਰੇਹੜੀ ਵਾਲਿਆਂ ਦੀ ਗੁੰਡਾਗਰਦੀ
ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਰੇਹੜੀ ਵਾਲਿਆਂ ਦੀ ਗੁੰਡਾਗਰਦੀ
Publish Date: Sat, 18 Apr 2026 07:03 PM (IST)
Updated Date: Sun, 19 Apr 2026 04:13 AM (IST)

ਮਹਿਲਾ ਸ਼ਰਧਾਲੂ ਦੀ ਬੇਰਹਿਮੀ ਨਾਲ ਕੁੱਟਮਾਰ, ਪਰਿਵਾਰ ਨੇ ਲਾਇਆ ਧਰਨਾ ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਰੇਹੜੀ ਵਾਲਿਆਂ ਨੇ ਸ਼ਰੇਆਮ ਬਦਮਾਸ਼ੀ ਕਰਦਿਆਂ ਮੱਥਾ ਟੇਕਣ ਆਈ ਇੱਕ ਮਹਿਲਾ ਸ਼ਰਧਾਲੂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਰੇਹੜੀ ਵਾਲਿਆਂ ਨੇ ਔਰਤ ਦੇ ਮੂੰਹ ’ਤੇ ਇੰਨੇ ਥੱਪੜ ਮਾਰੇ ਕਿ ਉਸ ਦੇ ਚਿਹਰੇ ’ਤੇ ਨੀਲ ਪੈ ਗਏ। ਇਸ ਘਟਨਾ ਤੋਂ ਗੁੱਸੇ ਵਿੱਚ ਆਏ ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਸੜਕ ’ਤੇ ਧਰਨਾ ਦਿੱਤਾ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਮੰਦਰ ਵਰਗੇ ਪਵਿੱਤਰ ਸਥਾਨ ਦੇ ਬਾਹਰ ਗੁੰਡਾਗਰਦੀ ਕਰਨ ਵਾਲੇ ਅਜਿਹੇ ਅਨਸਰਾਂ ਨੂੰ ਜੇਲ੍ਹ ਭੇਜਿਆ ਜਾਵੇ ਤਾਂ ਜੋ ਭਵਿੱਖ ’ਚ ਕਿਸੇ ਹੋਰ ਸ਼ਰਧਾਲੂ ਨਾਲ ਅਜਿਹੀ ਬਦਸਲੂਕੀ ਨਾ ਹੋਵੇ। ਥਾਣਾ ਲਾਹੋਰੀ ਗੇਟ ਇੰਚਾਰਜ ਰਣਦੀਪ ਕੁਮਾਰ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਬਿਲਾਸਪੁਰ ਦੀ ਰਹਿਣ ਵਾਲੀ ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਤੇ ਭਰਾਵਾਂ ਨਾਲ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਸੀ, ਜਦੋਂ ਉਨ੍ਹਾਂ ਨੇ ਮੰਦਰ ਦੇ ਨਜ਼ਦੀਕ ਆਪਣੀ ਕਾਰ ਖੜ੍ਹੀ ਕੀਤੀ ਤਾਂ ਉੱਥੇ ਨਾਜਾਇਜ਼ ਕਬਜ਼ੇ ਕਰ ਕੇ ਖੜ੍ਹੇ ਕੁਝ ਰੇਹੜੀ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੂੰ ਗੱਡੀ ਅੱਗੇ ਲਿਜਾਣ ਲਈ ਮਜਬੂਰ ਕੀਤਾ। ਬਹਿਸ ਦੌਰਾਨ ਰੇਹੜੀ ਵਾਲਿਆਂ ਨੇ ਗੱਡੀ ਦੀ ਹਵਾ ਕੱਢਣ ਦੀਆਂ ਧਮਕੀਆਂ ਦਿੱਤੀਆਂ ਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਪੀੜਿਤਾ ਅਨੁਸਾਰ ਵਿਵਾਦ ਤੋਂ ਬਚਣ ਲਈ ਉਨ੍ਹਾਂ ਨੇ ਗੱਡੀ ਥੋੜ੍ਹੀ ਅੱਗੇ ਖੜ੍ਹੀ ਕਰ ਦਿੱਤੀ ਪਰ ਜਿਵੇਂ ਹੀ ਉਹ ਗੱਡੀ ’ਚੋਂ ਸਾਮਾਨ ਕੱਢ ਕੇ ਮੰਦਰ ਵੱਲ ਜਾਣ ਲੱਗੇ ਤਾਂ ਕੁਝ ਰੇਹੜੀ ਵਾਲਿਆਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ, ਜਦੋਂ ਔਰਤ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਦੀਆਂ ਬਾਹਾਂ ਫੜ ਲਈਆਂ ਤੇ ਉਸ ਦੇ ਮੂੰਹ ’ਤੇ ਲਗਾਤਾਰ ਕਈ ਥੱਪੜ ਜੜ ਦਿੱਤੇ। ਡੱਬੀ ਸੜਕ ’ਤੇ ਉੱਤਰਿਆ ਪਰਿਵਾਰ ਇਸ ਘਿਨਾਉਣੀ ਹਰਕਤ ਤੋਂ ਬਾਅਦ ਪੀੜਤ ਔਰਤ ਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਰੇਹੜੀ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕਰਦਿਆਂ ਸੜਕ ’ਤੇ ਧਰਨਾ ਲਾ ਦਿੱਤਾ ਗਿਆ। ਧਰਨੇ ਕਾਰਨ ਆਵਾਜਾਈ ’ਚ ਵਿਘਨ ਪਿਆ ਤੇ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ ’ਤੇ ਪੁੱਜੀ ਪੁਲਿਸ ਟੀਮ ਨੇ ਪੀੜਤ ਪਰਿਵਾਰ ਨੂੰ ਸ਼ਾਂਤ ਕੀਤਾ ਤੇ ਭਰੋਸਾ ਦਿੱਤਾ ਕਿ ਦੋਸ਼ੀਆਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ। ਡੱਬੀ ਨਾਜਾਇਜ਼ ਕਬਜ਼ਿਆਂ ਕਾਰਨ ਵਧ ਰਹੀਆਂ ਮੁਸ਼ਕਿਲਾਂ ਜ਼ਿਕਰਯੋਗ ਹੈ ਕਿ ਸ਼ਰੀ ਕਾਲੀ ਮਾਤਾ ਮੰਦਰ ਦੇ ਬਾਹਰ ਰੇਹੜੀ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਰਾਹਗੀਰਾਂ ਤੇ ਸ਼ਰਧਾਲੂਆਂ ਲਈ ਲੰਬੇ ਸਮੇਂ ਤੋਂ ਜੀ ਦਾ ਜੰਜਾਲ ਬਣੇ ਹੋਏ ਹਨ। ਭਾਵੇਂ ਪੁਲਿਸ ਨੇ ਕਈ ਵਾਰ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਨ੍ਹਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਪ੍ਰਸ਼ਾਸਨ ਦੇ ਮੁੜਦੇ ਹੀ ਇਹ ਦੁਬਾਰਾ ਸੜਕਾਂ ’ਤੇ ਕਬਜ਼ੇ ਕਰ ਲੈਂਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਇਨ੍ਹਾਂ ’ਤੇ ਨਕੇਲ ਨਾ ਕੱਸੀ ਗਈ ਤਾਂ ਅਜਿਹੀਆਂ ਘਟਨਾਵਾਂ ਸ਼ਹਿਰ ਦੀ ਅਮਨ-ਸ਼ਾਂਤੀ ਨੂੰ ਭੰਗ ਕਰ ਸਕਦੀਆਂ ਹਨ।