ਸ਼ਰਾਬ ਦੇ ਠੇਕੇ 'ਤੇ ਵਾਰਦਾਤ: ਕਰਿੰਦਿਆਂ ਨੂੰ ਬੰਦੀ ਬਣਾ ਕੇ 31 ਹਜ਼ਾਰ ਲੁੱਟੇ
ਸ਼ਰਾਬ ਦੇ ਠੇਕੇ 'ਤੇ ਵਾਰਦਾਤ: ਕਰਿੰਦਿਆਂ ਨ ਨੂੰ ਬੰਧਕ ਬਣਾ ਕੇ 31 ਹਜ਼ਾਰ ਦੀ ਲੁੱਟੇ
Publish Date: Sat, 18 Apr 2026 05:23 PM (IST)
Updated Date: Sun, 19 Apr 2026 04:07 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਨਾਭਾ ਖੇਤਰ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਚੁਣੌਤੀ ਦਿੰਦਿਆਂ 2 ਕਾਰ ਸਵਾਰ ਨੌਜਵਾਨਾਂ ਵੱਲੋਂ ਇੱਕ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਠੇਕੇ ਦੇ ਕਰਿੰਦਿਆਂ ਨੂੰ ਬੰਦੀ ਬਣਾ ਕੇ ਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ 31 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਸਦਰ ਨਾਭਾ ਦੀ ਪੁਲਿਸ ਨੇ ਇਸ ਸਬੰਧੀ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਮਨਜੀਤ ਸਿੰਘ, ਵਾਸੀ ਪਿੰਡ ਸਹੌਲੀ ਨੇ ਦੱਸਿਆ ਕਿ ਉਹ ਸ਼ਰਾਬ ਦੇ ਠੇਕੇਦਾਰ ਕੋਲ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਹੈ। ਵਾਰਦਾਤ ਬੀਤੀ 13 ਅਪ੍ਰੈਲ ਦੀ ਰਾਤ ਕਰੀਬ 8 ਵਜੇ ਵਾਪਰੀ। ਮਨਜੀਤ ਸਿੰਘ ਉਸ ਸਮੇਂ ਪਿੰਡ ਈਛੇਵਾਲ ਰੋਡ ਸਥਿਤ ਰੋਹਟੀ ਬਸਤਾ ਦੇ ਸ਼ਰਾਬ ਦੇ ਠੇਕੇ ’ਤੇ ਮੌਜੂਦ ਸੀ। ਸ਼ਿਕਾਇਤਕਰਤਾ ਅਨੁਸਾਰ ਦੋ ਕਾਰ ਸਵਾਰ ਨੌਜਵਾਨ ਠੇਕੇ ’ਤੇ ਆਏ, ਜਿਨ੍ਹਾਂ ਦੀ ਪਛਾਣ ਦਲਜੀਤ ਸਿੰਘ ਵਾਸੀ ਪਿੰਡ ਟੋਹੜਾ ਤੇ ਮਨਪ੍ਰੀਤ ਸਿੰਘ ਵਾਸੀ ਅਲੌਹਰਾਂ ਕਲਾਂ ਵਜੋਂ ਹੋਈ ਹੈ। ਦੋਸ਼ ਹੈ ਕਿ ਮੁਲਜ਼ਮਾਂ ਦੀ ਨੀਅਤ ਠੇਕਾ ਲੁੱਟਣ ਦੀ ਸੀ। ਵਾਰਦਾਤ ਦੌਰਾਨ ਮੁਲਜ਼ਮਾਂ ਨੇ ਉੱਥੇ ਮੌਜੂਦ ਸੇਲਜ਼ਮੈਨ ਜਤਿੰਦਰ ਕੁਮਾਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਮਨਜੀਤ ਸਿੰਘ ਨੂੰ ਠੇਕੇ ਦੇ ਅੰਦਰ ਹੀ ਬੰਦੀ ਬਣਾ ਲਿਆ। ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਕੇ ਮੁਲਜ਼ਮਾਂ ਨੇ ਠੇਕੇ ਦੀ ਗੱਲੇ ’ਚੋਂ 31 ਹਜ਼ਾਰ ਰੁਪਏ ਦੀ ਨਕਦੀ ਕੱਢੀ ਤੇ ਆਪਣੀ ਕਾਰ ’ਚ ਸਵਾਰ ਹੋ ਕੇ ਫ਼ਰਾਰ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਨਾਭਾ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਨਾਮਜ਼ਦ ਮੁਲਜ਼ਮਾਂ ਦਲਜੀਤ ਸਿੰਘ ਤੇ ਮਨਪ੍ਰੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਜਲਦ ਯਕੀਨੀ ਬਣਾਈ ਜਾ ਸਕੇ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।