ਮਾਡਲ ਟਾਊਨ ਡਕੈਤੀ ਕਾਂਡ ਦੇ ਤਿੰਨ ਮੁਲਜ਼ਮ ਕਾਬੂ
ਮਾਡਲ ਟਾਊਨ ਡਕੈਤੀ ਕਾਂਡ ਦੇ ਤਿੰਨ ਮੁਲਜ਼ਮ ਕਾਬੂ
Publish Date: Fri, 17 Apr 2026 08:56 PM (IST)
Updated Date: Sat, 18 Apr 2026 04:15 AM (IST)

ਲੱਖਾਂ ਦੀ ਨਕਦੀ ਤੇ ਸੋਨਾ ਬਰਾਮਦ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪਟਿਆਲਾ ਪੁਲਿਸ ਨੇ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ’ਚ ਹੋਈ ਇੱਕ ਵੱਡੀ ਡਕੈਤੀ ਦੀ ਗੁੱਥੀ ਨੂੰ ਸੁਲਝਾਉਂਦਿਆਂ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੁੱਟ ਕੀਤੇ ਪੰਜ ਲੱਖ ਰੁਪਏ ਦੀ ਨਕਦੀ, ਅੱਠ ਤੋਲੇ ਸੋਨਾ ਅਤੇ ਦੋ ਕਿੱਲੋ ਚਾਂਦੀ ਦੇ ਗਹਿਣਿਆਂ ਸਮੇਤ ਵਾਰਦਾਤ ਵਿੱਚ ਵਰਤੀ ਗਈ ਸਕਾਰਪੀਓ ਗੱਡੀ ਵੀ ਬਰਾਮਦ ਕਰ ਲਈ ਹੈ। ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਬੀਤੀ 3 ਅਤੇ 4 ਅਪ੍ਰੈਲ 2026 ਦੀ ਦਰਮਿਆਨੀ ਰਾਤ ਨੂੰ ਮਾਡਲ ਟਾਊਨ ਸਥਿਤ ਇਕ ਘਰ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਬਜ਼ੁਰਗ ਪਤੀ-ਪਤਨੀ ਤੇ ਹਮਲਾ ਕੀਤਾ ਸੀ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਲੁਟੇਰਿਆਂ ਨੇ ਬਜੁਰਗਾਂ ਦੇ ਸਿਰ ਤੇ ਗੰਭੀਰ ਸੱਟਾਂ ਮਾਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ ਅਤੇ ਘਰ ਵਿੱਚੋਂ ਨਕਦੀ ਤੇ ਭਾਰੀ ਮਾਤਰਾ ਵਿੱਚ ਸੋਨੇ-ਚਾਂਦੀ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਐਸ.ਪੀ. ਜਾਂਚ ਹਰਬੰਸ ਸਿੰਘ ਬੈਂਸ ਅਤੇ ਡੀਐੱਸਪੀ ਸਿਟੀ ਸੰਜੀਵ ਸਿੰਗਲਾ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਡੱਬੀ 50 ਕਿਲੋਮੀਟਰ ਤੱਕ ਸੀਸੀਟੀਵੀ ਫੁਟੇਜ ਖੰਗਾਲੀ ਪੁਲਿਸ ਨੇ ਟੈਕਨੀਕਲ ਸੈੱਲ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਤਿੰਨ ਮੁਲਜ਼ਮਾਂ ਨੂੰ ਥਾਣਾ ਸਿਵਲ ਲਾਈਨ ਦੇ ਏਰੀਏ ਵਿੱਚੋਂ ਕਾਬੂ ਕੀਤਾ। ਪੁਲਿਸ ਟੀਮਾਂ ਨੇ ਵਾਰਦਾਤ ਵਾਲੀ ਥਾਂ ਤੋਂ 25 ਕਿਲੋਮੀਟਰ ਅੱਗੇ ਅਤੇ 25 ਕਿਲੋਮੀਟਰ ਹੀ ਪਿਛਲੇ ਪਾਸੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਦੇ ਦੀ ਫੁਟੇਜ ਖੰਗਾਲੀ ਗਈ। ਹਰ ਤਕਨੀਕੀ ਪੱਖਾਂ ਤੋਂ ਜਾਂਚ ਕਰਦਿਆਂ ਮੁਲਜਮਾਂ ਦੀ ਗ੍ਰਿਤਾਰੀ ਕੀਤੀ ਗਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੌਰਵ ਛਾਬੜਾ ਵਾਸੀ ਸੰਗਰੂਰ, ਗੁੱਡੂ ਕੁਮਾਰ ਵਾਸੀ ਲੁਧਿਆਣਾ ਅਤੇ ਵਿਸ਼ਾਲ ਕੁਮਾਰ ਵਾਸੀ ਲੁਧਿਆਣਾ ਵਜੋਂ ਹੋਈ ਹੈ। ਡੱਬੀ ਪ੍ਰਾਪਰਟੀ ਡੀਲਰ ਨਿਕਲਿਆ ਮਾਸਟਰਮਾਈਂਡ ਪੁਲਿਸ ਪੁੱਛਗਿੱਛ ਦੌਰਾਨ ਹੈਰਾਨੀਜਨਕ ਖੁਲਾਸਾ ਹੋਇਆ ਕਿ ਵਾਰਦਾਤ ਦਾ ਮਾਸਟਰ ਮਾਈਂਡ ਸੌਰਵ ਛਾਬੜਾ ਹੈ ਜੋਕਿ ਪਟਿਆਲਾ ਵਿੱਚ ਹੀ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਉਸ ਨੂੰ ਪਤਾ ਸੀ ਕਿ ਦਰਸ਼ਨ ਕੁਮਾਰ ਦੇ ਘਰ ਵਿੱਚ ਸਿਰਫ਼ ਬਜ਼ੁਰਗ ਪਤੀ-ਪਤਨੀ ਹੀ ਇਕੱਲੇ ਰਹਿੰਦੇ ਹਨ। ਉਸ ਨੇ ਲੁਧਿਆਣਾ ਦੇ ਰਹਿਣ ਵਾਲੇ ਗੁੱਡੂ ਤੇ ਵਿਸ਼ਾਲ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ। ਡੱਬੀ ਪਹਿਲਾਂ ਵੀ ਕਰ ਚੁੱਕੇ ਹਨ ਵਾਰਦਾਤਾਂ ਐਸ.ਐਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਵਿੱਚ ਕਬੂਲਿਆ ਹੈ ਕਿ ਉਹ ਪਹਿਲਾਂ ਵੀ ਕਈ ਚੋਰੀਆਂ ਨੂੰ ਅੰਜਾਮ ਦੇ ਚੁੱਕੇ ਹਨ ਜੋ ਕਿ ਹਾਲੇ ਤੱਕ ਅਣਸੁਲਝੀਆਂ ਸਨ। ਪੁਲਿਸ ਵੱਲੋਂ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਪੁਰਾਣੀਆਂ ਵਾਰਦਾਤਾਂ ਦੇ ਖੁਲਾਸੇ ਹੋ ਸਕਣ। ਪੁਲਿਸ ਮੁਤਾਬਕ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਤੇ ਠੱਲ੍ਹ ਪਵੇਗੀ।