ਮੇਅਰ ਨੇ 20 ਡੇਅਰੀ ਮਾਲਕਾਂ ਨੂੰ ਸੌਂਪੇ ਅਲਾਟਮੈਂਟ ਪੱਤਰ
ਮੇਅਰ ਨੇ 20 ਡੇਅਰੀ ਮਾਲਕਾਂ ਨੂੰ ਸੌਂਪੇ ਅਲਾਟਮੈਂਟ ਪੱਤਰ
Publish Date: Fri, 17 Apr 2026 06:34 PM (IST)
Updated Date: Sat, 18 Apr 2026 04:09 AM (IST)

ਡੇਅਰੀਆਂ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਦੀ ਪ੍ਰੀਕ੍ਰਿਆ ਜਾਰੀ ਕਿਹਾ- ਡੇਅਰੀਆਂ ਦੇ ਬਾਹਰ ਜਾਣ ਨਾਲ ਸ਼ਹਿਰ ਦੀ ਸਫ਼ਾਈ ਅਤੇ ਸੀਵਰੇਜ ਵਿਵਸਥਾ ’ਚ ਆਵੇਗਾ ਸੁਧਾਰ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਸ਼ਾਹੀ ਸ਼ਹਿਰ ਪਟਿਆਲਾ ਨੂੰ ਕੂੜਾ-ਮੁਕਤ ਤੇ ਸੀਵਰੇਜ ਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਨਗਰ ਨਿਗਮ ਵੱਲੋਂ ਡੇਅਰੀ ਪ੍ਰੋਜੈਕਟ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਮੇਅਰ ਕੁੰਦਨ ਗੋਗੀਆ ਨੇ 20 ਹੋਰ ਡੇਅਰੀ ਮਾਲਕਾਂ ਨੂੰ ਪਲਾਟਾਂ ਦੇ ਅਲਾਟਮੈਂਟ ਪੱਤਰ ਸੌਂਪੇ, ਤਾਂ ਜੋ ਸ਼ਹਿਰ ਦੇ ਅੰਦਰ ਚੱਲ ਰਹੀਆਂ ਡੇਅਰੀਆਂ ਨੂੰ ਨਿਰਧਾਰਿਤ ਸਥਾਨ ਤੇ ਤਬਦੀਲ ਕੀਤਾ ਜਾ ਸਕੇ। ਅਲਾਟਮੈਂਟ ਪੱਤਰ ਵੰਡਣ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਦੇ ਅੰਦਰ ਚੱਲ ਰਹੀਆਂ ਡੇਅਰੀਆਂ ਕਾਰਨ ਸੀਵਰੇਜ ਜਾਮ ਹੋਣ ਦੀ ਵੱਡੀ ਸਮੱਸਿਆ ਰਹਿੰਦੀ ਸੀ, ਕਿਉਂਕਿ ਗੋਹਾ ਅਤੇ ਹੋਰ ਰਹਿੰਦ-ਖੂੰਹਦ ਸਿੱਧਾ ਪਾਈਪਾਂ ਵਿੱਚ ਚਲਾ ਜਾਂਦਾ ਸੀ। ਉਨ੍ਹਾਂ ਕਿਹਾ, ‘ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਅਸੀਂ ਪਟਿਆਲਾ ਨੂੰ ਇੱਕ ਮਾਡਲ ਸ਼ਹਿਰ ਬਣਾਉਣਾ ਚਾਹੁੰਦੇ ਹਾਂ। ਡੇਅਰੀਆਂ ਦੇ ਸ਼ਿਫਟ ਹੋਣ ਨਾਲ ਸ਼ਹਿਰ ਦੀ ਸਫ਼ਾਈ ਵਿਵਸਥਾ ਵਿੱਚ ਸੁਧਾਰ ਹੋਵੇਗਾ ਅਤੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਵੀ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ।’ ਮੇਅਰ ਨੇ ਭਰੋਸਾ ਦਿੱਤਾ ਕਿ ਡੇਅਰੀ ਪ੍ਰੋਜੈਕਟ ਵਾਲੀ ਥਾਂ ’ਤੇ ਨਗਰ ਨਿਗਮ ਵੱਲੋਂ ਬਿਜਲੀ, ਪਾਣੀ, ਸੜਕਾਂ ਅਤੇ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਡੇਅਰੀ ਮਾਲਕਾਂ ਨੂੰ ਆਪਣਾ ਕੰਮਕਾਜ ਚਲਾਉਣ ’ਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਨੇ ਬਾਕੀ ਰਹਿੰਦੇ ਡੇਅਰੀ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੇ ਪਲਾਟਾਂ ਦਾ ਕਬਜ਼ਾ ਲੈ ਕੇ ਸ਼ਹਿਰ ਦੀ ਸੁੰਦਰਤਾ ਵਿੱਚ ਆਪਣਾ ਯੋਗਦਾਨ ਪਾਉਣ। ਮੇਅਰ ਨੇ ਦੁਹਰਾਇਆ ਕਿ ਉਹ ਪਟਿਆਲਾ ਵਾਸੀਆਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਨ। ਨਗਰ ਨਿਗਮ ਵੱਲੋਂ ਹਰ ਵਿਕਾਸ ਕਾਰਜ ਵਿੱਚ ਪਾਰਦਰਸ਼ਤਾ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੇਅਰੀ ਪ੍ਰੋਜੈਕਟ ਦਾ ਮੁਕੰਮਲ ਹੋਣਾ ਪਟਿਆਲਾ ਦੇ ਬੁਨਿਆਦੀ ਢਾਂਚੇ ਲਈ ਇੱਕ ਵੱਡੀ ਉਪਲਬਧਤਾ ਸਾਬਤ ਹੋਵੇਗਾ। ਇਸ ਮੌਕੇ ਨਗਰ ਨਿਗਮ ਦੇ ਉੱਚ ਅਧਿਕਾਰੀ, ਸਬੰਧਤ ਬ੍ਰਾਂਚਾਂ ਦੇ ਕਰਮਚਾਰੀ ਅਤੇ ਡੇਅਰੀ ਮਾਲਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।