ਘਨੌਰ ਮੰਡੀ ‘ਚ ਕਣਕ ਦੀ ਢਿੱਲੀ ਲਿਫਟਿੰਗ, ਕਿਸਾਨਾਂ ਦਾ ਫੁੱਟਿਆ ਗੁੱਸਾ
ਘਨੌਰ ਮੰਡੀ ‘ਚ ਕਣਕ ਦੀ ਢਿੱਲੀ ਲਿਫਟਿੰਗ, ਕਿਸਾਨਾਂ ਦਾ ਫੁੱਟਿਆ ਗੁੱਸਾ
Publish Date: Thu, 16 Apr 2026 06:03 PM (IST)
Updated Date: Fri, 17 Apr 2026 04:13 AM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪੰਜਾਬ ਦੀਆਂ ਅਨਾਜ ਮੰਡੀਆਂ ’ਚ ਕਣਕ ਦੀ ਖਰੀਦ ਤੇ ਲਿਫਟਿੰਗ ਨੂੰ ਲੈ ਕੇ ਗੰਭੀਰ ਸੰਕਟ ਬਣਦਾ ਜਾ ਰਿਹਾ ਹੈ। ਘਨੌਰ ਅਨਾਜ ਮੰਡੀ ਵਿੱਚ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਕਿਸਾਨ ਕਈ ਦਿਨਾਂ ਤੋਂ ਆਪਣੀ ਫਸਲ ਨਾਲ ਮੰਡੀ ਵਿੱਚ ਡੇਰੇ ਲਗਾ ਕੇ ਬੈਠੇ ਹਨ ਪਰ ਨਾ ਖਰੀਦ ਹੋ ਰਹੀ ਹੈ ਅਤੇ ਨਾ ਹੀ ਲਿਫਟਿੰਗ ਦੀ ਗਤੀ ਵਧ ਰਹੀ ਹੈ। ਪਿੰਡ ਸੋਗਲਪੁਰ ਦੇ ਕਿਸਾਨ ਰਣਜੀਤ ਸਿੰਘ ਨੇ ਕਿਹਾ, “ਮੈਂ ਐਤਵਾਰ ਨੂੰ ਕਣਕ ਮੰਡੀ ਵਿੱਚ ਲੈ ਕੇ ਆਇਆ ਸੀ, ਉਸ ਵੇਲੇ ਨਮੀ 14 ਪ੍ਰਤੀਸ਼ਤ ਸੀ, ਪਰ ਹੁਣ 20 ਪ੍ਰਤੀਸ਼ਤ ਦਿਖਾਈ ਜਾ ਰਹੀ ਹੈ। ਮੈਂ ਕਿਹੜਾ ਮੰਡੀ ਵਿੱਚ ਬੈਠ ਕੇ ਕਣਕ ਵਿੱਚ ਪਾਣੀ ਪਾਇਆ ਹੈ?”ਇਸੇ ਤਰ੍ਹਾਂ ਪਿੰਡ ਲਾਛੜੂ ਦੇ ਕਿਸਾਨ ਸੁਰਿੰਦਰ ਸਿੰਘ ਨੇ ਦੱਸਿਆ, “ਮੈਂ ਪਿਛਲੇ 5 ਦਿਨਾਂ ਤੋਂ ਮੰਡੀ ਵਿੱਚ ਬੈਠਾ ਹਾਂ, ਪਰ ਅਜੇ ਤੱਕ ਮੇਰੀ ਫਸਲ ਦੀ ਨਾ ਖਰੀਦ ਹੋਈ ਹੈ ਤੇ ਨਾ ਹੀ ਕੋਈ ਸੁਣਵਾਈ ਹੋ ਰਹੀ ਹੈ।” ਇਸ ਮੌਕੇ ਗੁਰਜਿੰਦਰ ਸਿੰਘ ਸਰਕਲ ਪ੍ਰਧਾਨ ਮਰਦਾਂਪੁਰ, ਸਤਨਾਮ ਸਿੰਘ ਸਾਬਕਾ ਸਰਪੰਚ ਜੰਡਮੰਘੋਲੀ, ਗੁਰਜੰਟ ਸਿੰਘ ਮਹਿਦੂਦਾ, ਅਵਤਾਰ ਸਿੰਘ ਅੰਟਾਲ, ਜਸਦੇਵ ਸਿੰਘ ਜੱਸੀ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਜਗਦੇਵ ਸਿੰਘ ਜੱਗਾ ਸਮੇਤ ਕਈ ਆਗੂ ਅਤੇ ਕਿਸਾਨ ਹਾਜ਼ਰ ਸਨ। ਡੱਬੀ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਦਾਅਵਾ ਕੀਤਾ ਕਿ ਸੀਜ਼ਨ ਦੇ ਪਹਿਲੇ 16 ਦਿਨਾਂ ਵਿੱਚ ਕਣਕ ਦੀ ਲਿਫਟਿੰਗ ਬਹੁਤ ਹੀ ਥੋੜ੍ਹੀ ਹੋਈ ਹੈ, ਜਿਸ ਕਾਰਨ ਮੰਡੀਆਂ ਵਿੱਚ ਕਣਕ ਦੇ ਢੇਰ ਲੱਗ ਗਏ ਹਨ ਅਤੇ ਨਵੀਂ ਆਮਦ ਲਈ ਥਾਂ ਦੀ ਕਮੀ ਪੈ ਰਹੀ ਹੈ। ਵੀਰਵਾਰ ਨੂੰ ਝਿੰਜਰ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਦੇ ਨਾਲ ਮੰਡੀ ਦਾ ਦੌਰਾ ਕਰਕੇ ਹਕੀਕਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ ਖਰੀਦ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਸਾਰੀ ਪ੍ਰੀਕ੍ਰਿਆ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਕਿਹਾ, “ਜੋ ਕਿਸਾਨ ਦੇਸ਼ ਦਾ ਢਿੱਡ ਭਰਦਾ ਹੈ, ਉਹ ਅੱਜ ਮੰਡੀਆਂ ਵਿੱਚ ਧੱਕੇ ਖਾਣ ਲਈ ਮਜਬੂਰ ਹੈ। ਡੱਬੀ ਮਾਰਕੀਟ ਕਮੇਟੀ ਘਨੌਰ ਦੇ ਸਕੱਤਰ ਜਸਵਿੰਦਰ ਸਿੰਘ ਨੇ ਸਫਾਈ ਦਿੰਦਿਆਂ ਕਿਹਾ ਕਿ ਖਰੀਦ ਵਿੱਚ ਆ ਰਹੀ ਢਿੱਲ ਦਾ ਕਾਰਣ ਕਣਕ ਦੇ ਦਾਣੇ ਦੀ ਕੁਆਲਟੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਟੀਮਾਂ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ ਹੈ ਅਤੇ ਜਲਦ ਹੀ ਖਰੀਦ ਤੇ ਲਿਫਟਿੰਗ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਮੰਡੀਆਂ ਵਿੱਚ ਬਣੇ ਇਹ ਹਾਲਾਤ ਸਰਕਾਰ ਅਤੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣ ਗਏ ਹਨ। ਜੇਕਰ ਜਲਦੀ ਹੱਲ ਨਾ ਨਿਕਲਿਆ ਤਾਂ ਕਿਸਾਨਾਂ ਦਾ ਗੁੱਸਾ ਸੜਕਾਂ ‘ਤੇ ਵੀ ਦਿਖਾਈ ਦੇ ਸਕਦਾ ਹੈ।