ਲੋਕ ਖੇਡਾਂ ਪੰਜਾਬੀ ਮਾਨਸਿਕਤਾ ਦੀ 'ਚੜ੍ਹਦੀ ਕਲਾ' ਦਾ ਪ੍ਰਤੀਕ : ਪ੍ਰੋ. ਗਿੱਲ
ਪੰਜਾਬੀ ਮਾਨਸਿਕਤਾ ਦੀ 'ਚੜ੍ਹਦੀ ਕਲਾ' ਦਾ ਪ੍ਰਤੀਕ ਹਨ, ਸਾਡੀਆਂ ਲੋਕ ਖੇਡਾਂ -ਪ੍ਰੋ. ਗਿੱਲ
Publish Date: Thu, 16 Apr 2026 05:46 PM (IST)
Updated Date: Fri, 17 Apr 2026 04:10 AM (IST)

-ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚੰਗਾ ਖੇਡ ਸੱਭਿਆਚਾਰ ਵਿਕਸਿਤ ਕਰਨ ਦੀ ਲੋੜ-ਗੁਰਭਜਨ ਗਿੱਲ -ਖੇਡ ਯੂਨੀਵਰਸਿਟੀ ਵੱਲੋਂ ਪੰਜਾਬ ਦੀਆਂ ਲੋਕ ਖੇਡਾਂ ਬਾਰੇ ਰਾਸ਼ਟਰੀ ਸੈਮੀਨਾਰ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸਾਡੀਆਂ ਲੋਕ ਖੇਡਾਂ ਸਿਰਫ਼ ਸਰੀਰਕ ਗਤੀਵਿਧੀਆਂ ਨਹੀਂ ਹਨ। ਇਹ ਸਾਡੇ ਇਤਿਹਾਸ ਦਾ ਜਿਉਂਦਾ-ਜਾਗਦਾ ਸਰਮਾਇਆ ਹੈ। ਇਹ ਖੇਡਾਂ ਪੰਜਾਬੀ ਮਾਨਸਿਕਤਾ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਇਨ੍ਹਾਂ ਨੂੰ ਸੰਭਾਲਣਾ ਤੇ ਪ੍ਰਫੁੱਲਿਤ ਕਰਨਾ ਸਾਡੀ ਜ਼ਰੂਰਤ ਹੈ।’ ਇਹ ਪ੍ਰਗਟਾਵਾ ਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਨੇ ਪੰਜਾਬ ਦੀਆਂ ਲੋਕ ਖੇਡਾਂ ਬਾਰੇ ਕਰਵਾਏ ਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕੀਤਾ। ਪ੍ਰਭਾਤ ਪਰਵਾਨਾ ਮੈਮੋਰੀਅਲ ਟਰੇਡ ਯੂਨੀਅਨ ਸੈਂਟਰ ਵਿਖੇ ਕਰਵਾਏ ਇਸ ਸੈਮੀਨਾਰ ਦੌਰਾਨ ਵੀ.ਸੀ. ਪ੍ਰੋ. ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਲਾ ਰਾਏਪੁਰ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਤੇ ਵਿਰਾਸਤੀ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਲਾ ਕਦਮ ਹੈ। ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਕਿਹਾ ਕਿ ਲੋਕ ਖੇਡਾਂ ਸਾਨੂੰ ਆਪਣੀ ਮਿੱਟੀ ਨਾਲ ਜੋੜਦੀਆਂ ਹਨ। ਡਾ. ਗੁਰਭਜਨ ਗਿੱਲ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇੱਥੇ ਚੰਗਾ ਖੇਡ ਸੱਭਿਆਚਾਰ ਵਿਕਸਿਤ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਇਸ ਗੱਲ ਤੇ ਚਿੰਤਾ ਪ੍ਰਗਟਾਈ ਕੇ ਅੱਜ ਸਰਮਾਏ ਦੀ ਅਮਰਵੇਲ ਨੇ ਸਾਡੇ ਤੋਂ ਸਾਡੀਆਂ ਸੋਹਣੀਆਂ ਲੋਕ ਖੇਡਾਂ ਖੋਹ ਲਈਆਂ ਹਨ। ਉੱਘੇ ਲੋਕਧਾਰਾ ਸ਼ਾਸਤਰੀ ਡਾ. ਗੁਰਮੀਤ ਸਿੰਘ ਨੇ ਆਪਣਾ ਮੁੱਖ-ਸੁਰ ਭਾਸ਼ਣ ਦਿੰਦਿਆਂ ਕਿਹਾ ਕਿ ਲੋਕ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ। ਪ੍ਰੋ. ਸੁਰਜੀਤ ਸਿੰਘ ਭੱਟੀ, ਡਾ.ਹਰਜੀਤ ਕੌਰ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਤੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਆਪਣੇ ਅਹਿਮ ਵਿਚਾਰ ਪ੍ਰਗਟਾਏ। ਨਵਦੀਪ ਗਿੱਲ ਨੇ ਸਿੱਖ ਇਤਿਹਾਸ ਦਾ ਜਿਕਰ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਮੱਲਾਂ ਮਾਰਨ ਦਾ ਜ਼ਜਬਾ ਪੰਜਾਬੀਆਂ ਦੇ ਖੂਨ ’ਚ ਹੈ। ਸੈਮੀਨਾਰ ਦੌਰਾਨ ਹੋਰਨਾਂ ਤੋਂ ਇਲਾਵਾ ਡਾ. ਸੁਰਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਸਤੀਸ਼ ਕੁਮਾਰ ਵਰਮਾ, ਡਾ. ਰਜਿੰਦਰਪਾਲ ਸਿੰਘ ਬਰਾੜ, ਡਾ. ਮਾਨ ਸਿੰਘ ਢੀਂਡਸਾ, ਡਾ. ਪਰਮਵੀਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਕਿਰਨਜੀਤ ਕੌਰ ਆਦਿ ਮੌਜੂਦ ਰਹੇ।