ਅਦਾਲਤ ਦਾ ਹੁਕਮ : ਪੁਲਿਸ ਕਮਾਂਡੈਂਟ ਤੇ ਆਈਜੀ ਦੇ ਦਫ਼ਤਰ ਅਟੈਚ
ਅਦਾਲਤ ਦਾ ਹੁਕਮ : ਪੁਲਿਸ ਕਮਾਂਡੈਂਟ ਅਤੇ ਆਈ.ਜੀ. ਦੇ ਦਫ਼ਤਰ ਅੱਟੈਚ
Publish Date: Thu, 16 Apr 2026 05:18 PM (IST)
Updated Date: Fri, 17 Apr 2026 04:07 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੀ ਅਦਾਲਤ ਨੇ ਇਕ ਕਾਂਸਟੇਬਲ ਦੇ ਬਕਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ’ਚ ਸੈਕੰਡ ਕਮਾਂਡੋ ਬਟਾਲੀਅਨ ਦੇ ਕਮਾਂਡੈਂਟ ਅਤੇ ਆਈ.ਜੀ. (ਕਮਾਂਡੋ ਟ੍ਰੇਨਿੰਗ ਸੈਂਟਰ) ਦੇ ਦਫ਼ਤਰਾਂ ਅਤੇ ਉੱਥੇ ਮੌਜੂਦ ਸਾਮਾਨ ਨੂੰ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਐਡਵੋਕੇਟ ਪੁਨੀਤ ਸ਼ਰਮਾ ਨੇ ਦੱਸਿਆ ਕਿ ਕਾਂਸਟੇਬਲ ਗੁਰਵਿੰਦਰ ਸਿੰਘ ਨੂੰ ਇੱਕ ਫੌਜਦਾਰੀ ਕੇਸ ਵਿੱਚ ਸਜ਼ਾ ਹੋਣ ਕਾਰਨ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਹਾਈ ਕੋਰਟ ਨੇ ਉਸਨੂੰ ਬਰੀ ਕਰ ਦਿੱਤਾ। ਬਰੀ ਹੋਣ ਤੋਂ ਬਾਅਦ, ਗੁਰਵਿੰਦਰ ਸਿੰਘ ਨੂੰ ਨੌਕਰੀ ਤੇ ਤਾਂ ਬਹਾਲ ਕਰ ਦਿੱਤਾ ਗਿਆ ਪਰ ਉਸ ਦੇ ਬਾਹਰ ਰਹੇ ਸਮੇਂ ਨੂੰ ‘ਨੋ ਵਰਕ-ਨੋ ਪੇ’ ਐਲਾਨ ਦਿੱਤਾ ਗਿਆ, ਜਿਸ ਕਾਰਨ ਉਸ ਨੂੰ ਉਸ ਸਮੇਂ ਦੀ ਤਨਖਾਹ ਅਤੇ ਹੋਰ ਲਾਭ ਨਹੀਂ ਦਿੱਤੇ ਗਏ। ਐਡਵੋਕੇਟ ਸ਼ਰਮਾ ਅਨੁਾਸਰ ਇਸ ਵਿਰੁੱਧ ਗੁਰਵਿੰਦਰ ਸਿੰਘ ਨੇ ਸਿਵਲ ਕੋਰਟ ਵਿੱਚ ਕੇਸ ਦਾਇਰ ਕੀਤਾ। ਪਟਿਆਲਾ ਦੀ ਅਦਾਲਤ ਨੇ ਉਸ ਦੇ ਹੱਕ ਵਿੱਚ ਫੈਸਲਾ ਸੁਣਾਇਆ। ਸਰਕਾਰੀ ਪੱਖ ਵੱਲੋਂ ਇਸ ਫੈਸਲੇ ਵਿਰੁੱਧ ਕੀਤੀ ਗਈ ਅਪੀਲ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਖਾਰਜ ਕਰ ਦਿੱਤਾ ਸੀ। ਸਰਕਾਰੀ ਪੱਖ ਨੂੰ ਹਾਈਕੋਰਟ ਵਿਚ ਵੀ ਨੂੰ ਕੋਈ ਸਟੇਅ ਨਹੀਂ ਮਿਲੀ। ਪੁਨੀਤ ਸ਼ਰਮਾ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਹੁੰਦੀ ਦੇਖ ਕੇ ਵਧੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਕਮਾਂਡੈਂਟ, ਸੈਕੰਡ ਕਮਾਂਡੋ ਬਟਾਲੀਅਨ, ਬਹਾਦਰਗੜ੍ਹ ਦਫ਼ਤਰ ਦੀ ਇਮਾਰਤ ਸਮੇਤ 20 ਪੱਖੇ, 30 ਕੁਰਸੀਆਂ, 4 ਕੂਲਰ, 3 ਏ.ਸੀ., 10 ਅਲਮਾਰੀਆਂ, 5 ਮੇਜ਼, 4 ਕੰਪਿਊਟਰ ਅਤੇ 3 ਪ੍ਰਿੰਟਰ ਕੇਸ ਨਾਲ ਅਟੈਚ ਕੀਤੇ ਹਨ। ਇਸਦੇ ਨਾਲ ਹੀ ਆਈ.ਜੀ. ਪੁਲਿਸ, ਕਮਾਂਡੋ ਟ੍ਰੇਨਿੰਗ ਸੈਂਟਰ, ਕਿਲ੍ਹਾ ਬਹਾਦਰਗੜ੍ਹ ਦਫ਼ਤਰ ਦੀ ਇਮਾਰਤ ਅਤੇ ਉੱਥੇ ਮੌਜੂਦ ਸਾਰਾ ਫਰਨੀਚਰ ਅਤੇ ਇਲੈਕਟ੍ਰਾਨਿਕ ਸਾਮਾਨ ਵੀ ਅਟੈਚ ਕੀਤਾ ਹੈ। ਐਡਵੋਕੇਟ ਪੁਨੀਤ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ ਨੂੰ ਤੈਅ ਕੀਤੀ ਗਈ ਹੈ, ਜੇਕਰ ਅਦਾਇਗੀ ਨਾ ਹੋਈ ਤਾਂ ਅਦਾਲਤ ਇਸਤੋਂ ਸਖਤ ਹੁਕਮ ਸੁਣਾ ਸਕਦੀ ਹੈ।