ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋ. ਗੁਰਨਾਮ ਸਿੰਘ ਪ੍ਰਭਾਤ ਦੇ ਇਕਾਂਗੀ ਸੰਗ੍ਰਹਿ ਰਿਲੀਜ਼
ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋ.ਗੁਰਨਾਮ ਸਿੰਘ ਪ੍ਰਭਾਤ ਦੇ ਇਕਾਂਗੀ ਸੰਗ੍ਰਹਿ ਰਿਲੀਜ਼
Publish Date: Thu, 16 Apr 2026 04:36 PM (IST)
Updated Date: Fri, 17 Apr 2026 04:03 AM (IST)

ਪੰਜਾਬੀ ਸਾਹਿਤ ਤੇ ਰੰਗਮੰਚ ਇਕ-ਦੂਜੇ ਦੇ ਪੂਰਕ: ਡਾ. ਆਸ਼ਟ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਸਾਹਿਤ ਸਭਾ ਵੱਲੋਂ ਨਾਟ ਅਤੇ ਰੰਗਮੰਚ ਦੀ ਜਾਣੀ ਪਛਾਣੀ ਸ਼ਖ਼ਸੀਅਤ ਪ੍ਰੋ. ਗੁਰਨਾਮ ਸਿੰਘ ਪ੍ਰਭਾਤ ਦੇ ਚਾਰ ਇਕਾਂਗੀ ਸੰਗ੍ਰਹਿਆਂ ‘ਕਰਤਾਪੁਰ ਦੇ ਰਾਹ ’ਤੇ,‘ਤੁਰੇ ਤੇਗ਼ ਦੀ ਧਾਰ ’ਤੇ,‘ਇਤਿਹਾਸ ਬੋਲਦਾ ਹੈ ਅਤੇ ‘ਬਲਦੀਆਂ ਨਜ਼ਰਾਂ ’ਤੇ ਦਾ ਦਾ ਲੋਕ ਅਰਪਣ ਕੀਤਾ ਗਿਆ। ਪ੍ਰਸਿੱਧ ਸਾਹਿਤਕਾਰ ਡਾ. ਅਮਰ ਕੋਮਲ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪੁੱਜੇ ਸਾਹਿਤਕਾਰਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਅਤੇ ਰੰਗਮੰਚ ਇਕ ਦੂਜੇ ਦੇ ਪੂਰਕ ਹਨ। ਉਨ੍ਹਾਂ ਇਸ ਕੇਂਦਰੀ ਨੁਕਤੇ ਨੂੰ ਉਭਾਰਿਆ ਕਿ ਵੱਖ ਵੱਖ ਸਰਕਾਰੀ ਕਾਲਜਾਂ ਵਿਚ ਪੰਜਾਬੀ ਭਾਸ਼ਾ ਦੇ ਦਹਾਕਿਆਂ ਬੱਧੀ ਪ੍ਰੋਫ਼ੈਸਰ ਰਹੇ ਗੁਰਨਾਮ ਸਿੰਘ ਪ੍ਰਭਾਤ ਨੇ ਆਪਣੇ ਨਾਟਕਾਂ ਅਤੇ ਇਕਾਂਗੀਆਂ ਵਿਚ ਸਮਾਜ ਨਾਲ ਜੁੜੇ ਨਿਵੇਕਲੇ ਵਿਸ਼ਿਆਂ ਦੀ ਜੀਵੰਤ ਪੇਸ਼ਕਾਰੀ ਕੀਤੀ ਹੈ। ਪ੍ਰੋ. ਪ੍ਰਭਾਤ ਨੇ ਆਪਣੇ ਨਾਟਕੀ ਸਫ਼ਰ ਦਾ ਬ੍ਰਿਤਾਂਤ ਸਾਂਝਾ ਕਰਦਿਆਂ ਵਿਦਿਆਰਥੀ ਜੀਵਨ ਤੋਂ ਲੈ ਕੇ ਅਧਿਐਨ,ਅਧਿਆਪਨ,ਨਾਟ ਅਤੇ ਰੰਗਮੰਚ ਖੇਤਰਾਂ ਨਾਲ ਆਪਣੇ ਸੰਬੰਧਾਂ ਅਤੇ ਸਮੱਸਿਆਵਾਂ ਦਾ ਵਰਣਨ ਕੀਤਾ। ਡਾ. ਜਪਪ੍ਰੀਤ ਕੌਰ ਭੰਗੂ,ਪਰਮਿੰਦਰ ਸਿੰਘ ਅਤੇ ਰੰਗਕਰਮੀ ਜੋਗਾ ਸਿੰਘ ਖੀਵਾ ਨੇ ਪ੍ਰੋ. ਪ੍ਰਭਾਤ ਨੂੰ ਦੂਜੀ ਪੀੜ੍ਹੀ ਦੇ ਅਹਿਮ ਨਾਟਕਕਾਰਾਂ ਵਿਚ ਵਿਸ਼ੇਸ਼ ਸਥਾਨ ਨਿਸਚਿਤ ਕੀਤਾ। ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਅੰਬਾਲਾ ਤੋਂ ਪੁੱਜੇ ਪ੍ਰਸਿੱਧ ਸਟੇਜੀ ਸ਼ਾਇਰ ਗੁਰਚਰਨ ਸਿੰਘ ਜੋਗੀ ਨੇ ਇਸ ਸਮਾਗਮ ਨੂੰ ਸਾਹਿਤਕ ਗੁਲਦਸਤੇ ਨਾਲ ਤੁਲਨਾ ਕੀਤੀ, ਜਦੋਂ ਕਿ ਪ੍ਰਿੰਸੀਪਲ ਚਰਨਜੀਤ ਕੌਰ ਅਤੇ ਗੁਰਵਿੰਦਰ ਕੌਰ ਵਿਸ਼ੇਸ਼ ਮਹਿਮਾਨਾਂ ਦਾ ਸਾਂਝਾ ਮਤ ਸੀ ਕਿ ਜਦੋਂ ਸਾਹਿਤਕਾਰ ਆਪਣੇ ਹੰਢਾਏ ਹੋਏ ਤਜਰਬਿਆਂ ਨੂੰ ਲੇਖਣੀ ਰਾਹੀਂ ਪੇਸ਼ ਕਰਦੇ ਹਨ ਤਾਂ ਉਸ ਦਾ ਪਾਠਕਾਂ ਅਤੇ ਸਰੋਤਿਆਂ ਉਪਰ ਡੂੰਘਾ ਪ੍ਰਭਾਵ ਪੈਂਦਾ ਹੈ। ਬਜ਼ੁਰਗ ਸ਼ਾਇਰ ਗਜਾਦੀਨ ਪੱਬੀ ਨੇ ਵਰਤਮਾਨ ਦੌਰ ਦੀ ਲੇਖਣੀ ਬਾਰੇ ਚਰਚਾ ਕੀਤੀ। ਸਮਾਗਮ ਵਿਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਪ੍ਰਸਿੱਧ ਵਿਦਵਾਨ ਡਾ. ਅਮਰ ਕੋਮਲ ਦੇ ਜੀਵਨ ਤੇ ਰਚਨਾ ਬਾਰੇ ਡਾ. ਦਰਸ਼ਨ ਸਿੰਘ ਆਸ਼ਟ, ਗੀਤਕਾਰ ਧਰਮ ਕੰਮੇਆਣਾ, ਡਾ. ਜੀ.ਐਸ.ਆਨੰਦ, ਗਲਪਕਾਰ ਬਾਬੂ ਸਿੰਘ ਰੈਹਲ,ਬਲਬੀਰ ਸਿੰਘ ਦਿਲਦਾਰ ਤੇ ਤ੍ਰਲੋਕ ਸਿੰਘ ਢਿੱਲੋਂ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਅਦੁੱਤੀ ਦੇਣ ਬਾਰੇ ਵੱਖ ਵੱਖ ਪੱਖਾਂ ’ਤੇ ਰੌਸ਼ਨੀ ਪਾਈ।