- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੇਮਿਆ ਦਾ ਕਤਲ ਕਰਕੇ ਫੈਕਟਰੀ ’ਚ ਸਾੜੀ ਲਾਸ਼, ਕਈ ਦਿਨਾਂ ਬਾਅਦ ਹੋਇਆ ਖੁਲਾਸਾ

ਸੀਨੀਅਰ ਰਿਪੋਰਟਰ, •ਪੰਜਾਬੀ ਜਾਗਰਣ, ਪਟਿਆਲਾ : ਪਿੰਡ ਮਰਦਾਂਹੇੜੀ ਇਲਾਕੇ ’ਚ ਪ੍ਰੇਮ ਸੰਬੰਧਾਂ ਕਰ ਕੇ ਘਰ ’ਚ ਚੱਲ ਰਹੇ ਵਿਵਾਦ ਦੌਰਾਨ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਗੋਲ਼ੀ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਹੈ। ਵਾਰਦਾਤ ਮਗਰੋਂ ਸਬੂਤ ਮਿਟਾਉਣ ਲਈ ਵਿਅਕਤੀ ਨੇ ਲਾਸ਼ ਨੂੰ ਫੈਕਟਰੀ ’ਚ ਸਾੜ ਦਿੱਤਾ ਤੇ ਫਿਰ ਉਸ ਦੇ ਫੁੱਲ ਸਮਾਣਾ ਸਥਿਤ ਗੁਰਦੁਆਰਾ ਗੜੀ ਸਾਹਿਬ ਵਿਖੇ ਪਾ ਦਿੱਤੇ ਗਏ। ਇਸ ਵਾਰਦਾਤ ਦਾ ਖੁਲਾਸਾ ਸੱਤ ਅਪ੍ਰੈਲ ਨੂੰ ਹੋਇਆ। ਮ੍ਰਿਤਕਾ ਦੀ ਪਛਾਣ ਕਮਲਪ੍ਰੀਤ ਕੌਰ (28) ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਜਗਸੀਰ ਸਿੰਘ ਵਾਸੀ ਵਾਰਡ ਨੰਬਰ ਇਕ, ਅਬਲੋਵਾਲ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸਾਲ 2017 ’ਚ ਸੰਦੀਪ ਸਿੰਘ ਵਾਸੀ ਪਿੰਡ ਰੋਂਗਲਾ ਜ਼ਿਲ੍ਹਾ ਸੰਗਰੂਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਪਰਿਵਾਰਕ ਝਗੜਿਆਂ ਕਰ ਕੇ ਉਹ ਪੇਕੇ ਘਰ ਵਾਪਸ ਆ ਗਈ ਤੇ ਫਿਰ ਸਹੁਰੇ ਘਰ ਨਹੀਂ ਗਈ। ਸ਼ਿਕਾਇਤ ਅਨੁਸਾਰ ਸਾਲ-2022 ’ਚ ਪਰਿਵਾਰ ਨੂੰ ਪਤਾ ਲੱਗਾ ਕਿ ਪਿੰਡ ਪੰਜੋਲਾ ਵਾਸੀ ਗਗਨਦੀਪ ਸਿੰਘ ਨੇ ਖ਼ੁਦ ਨੂੰ ਕੁਆਰਾ ਦੱਸ ਕੇ ਕਮਲਪ੍ਰੀਤ ਕੌਰ ਨਾਲ ਦੋਸਤੀ ਕਰ ਲਈ ਤੇ ਪਟਿਆਲਾ ਦੇ ਸੂਲਰ ਇਲਾਕੇ ’ਚ ਕਿਰਾਏ ਦੇ ਘਰ ’ਚ ਰੱਖ ਲਿਆ ਹੈ। ਇਸ ਸਬੰਧ ਕਰਕੇ ਮੁਲਜ਼ਮ ਤੇ ਉਸ ਦੀ ਪਤਨੀ ਵਿਚਕਾਰ ਅਕਸਰ ਝਗੜੇ ਰਹਿੰਦੇ ਸਨ। ਪਰਿਵਾਰ ਨੇ ਕਈ ਵਾਰ ਦੋਸ਼ੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਹ ਸਬੰਧ ਖਤਮ ਨਹੀਂ ਕੀਤਾ। ਇਸ ਦੌਰਾਨ ਵਧਦੇ ਝਗੜਿਆਂ ਕਾਰਨ ਮੁਲਜ਼ਮ ਨੇ ਕਮਲਪ੍ਰੀਤ ਕੌਰ ਨੂੰ ਰਾਹ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਤੇ ਯੋਜਨਾ ਤਹਿਤ ਮਰਦਾਂਹੇੜੀ ਸਥਿਤ ਆਪਣੀ ਟਾਇਲ ਫੈਕਟਰੀ ’ਚ ਗੋਲ਼ੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਪਿੰਡ ਮਰਦਾਂਹੇੜੀ ਸਥਿਤ ਫੈਕਟਰੀ ’ਚ ਸਾੜ ਦਿੱਤਾ ਤੇ ਸਬੂਤ ਮਿਟਾਉਣ ਲਈ ਅਸਥੀਆਂ ਵੀ ਵਿਸਰਜਿਤ ਕਰ ਦਿੱਤੀਆਂ।
ਢਾਬੇ ’ਤੇ ਗੱਲਬਾਤ ਨਾਲ ਖੁਲਾਸਾ
ਮਾਮਲੇ ਦਾ ਖੁਲਾਸਾ ਬੀਤੀ 7 ਅਪ੍ਰੈਲ ਨੂੰ ਉਸ ਵੇਲੇ ਹੋਇਆ ਜਦੋਂ ਸ਼ਿਕਾਇਤਕਰਤਾ ਦੇ ਰਿਸ਼ਤੇਦਾਰ ਆਜ਼ਾਦ ਸਿੰਘ ਨੇ ਬਲਬੇੜਾ ਦੇ ਇਕ ਢਾਬੇ ‘ਤੇ ਮੁਲਜ਼ਮ ਨੂੰ ਕਥਿਤ ਤੌਰ ’ਤੇ ਇਹ ਕਹਿੰਦੇ ਸੁਣਿਆ ਕਿ ਘਰੇਲੂ ਝਗੜਿਆਂ ਤੋਂ ਤੰਗ ਆ ਕੇ ਉਸ ਨੇ ਗੁੱਸੇ ਵਿਚ ਆ ਕੇ ਕਮਲਪ੍ਰੀਤ ਕੌਰ ਦੀ ਹੱਤਿਆ ਕਰ ਦਿੱਤੀ ਹੈ। ਉਸ ਨੇ ਇਹ ਵੀ ਕਿਹਾ ਕਿ ਲਾਸ਼ ਨੂੰ ਫੈਕਟਰੀ ’ਚ ਸਾੜਨ ਤੋਂ ਬਾਅਦ ਆਪਣੇ ਸਾਲੇ ਰਾਜਵੀਰ ਸਿੰਘ ਨਾਲ ਮਿਲ ਕੇ ਅਸਥੀਆਂ ਗੁਰਦੁਆਰਾ ਗੜੀ ਸਾਹਿਬ ਵਿੱਚ ਵਹਾ ਦਿੱਤੀਆਂ।
ਦੁਬਈ ਭੇਜਣ ਦੀ ਝੂਠੀ ਕਹਾਣੀ ਨਾਲ ਪਰਿਵਾਰ ਨੂੰ ਕੀਤਾ ਗੁਮਰਾਹ
ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਕਮਲਪ੍ਰੀਤ ਬਾਰੇ ਪੁੱਛਿਆ ਤਾਂ ਮੁਲਜ਼ਮ ਨੇ ਕਈ ਮਹੀਨਿਆਂ ਤੱਕ ਉਨ੍ਹਾਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਕਿ ਉਹ ਉਸ ਨੂੰ ਦੁਬਈ ਭੇਜ ਚੁੱਕਾ ਹੈ ਅਤੇ ਉਹ ਸੰਪਰਕ ਨਹੀਂ ਕਰਨਾ ਚਾਹੁੰਦੀ। ਬਾਅਦ ’ਚ ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ, ਜਿਸ ਨਾਲ ਪਰਿਵਾਰ ਦਾ ਸ਼ੱਕ ਹੋਰ ਵੀ ਵੱਧ ਗਿਆ। ਫਿਲਹਾਲ ਪੁਲਿਸ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕਰ ਰਹੀ ਹੈ। ਇਸੇ ਵੇਲੇ ਪੀੜਤ ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਤੇ ਇਨਸਾਫ ਦੀ ਮੰਗ ਕੀਤੀ ਹੈ।