ਸਕੂਲਾਂ ਨੂੰ ਉਡਾਉਣ ਦੀ ਮਿਲੀ ਧਮਕੀ, ਸਰਚ ਆਪ੍ਰੇਸ਼ਨ ’ਚ ਕੁਝ ਨਹੀਂ ਮਿਲਿਆ
ਪਟਿਆਲਾ ਦੇ ਸਕੂਲਾਂ ਨੂੰ ਉਡਾਉਣ ਦੀ ਮਿਲੀ ਧਮਕੀ, ਸਰਚ ਆਪ੍ਰੇਸ਼ਨ 'ਚ ਕੁਝ ਨਹੀਂ ਮਿਲਿਆ
Publish Date: Thu, 09 Apr 2026 07:31 PM (IST)
Updated Date: Fri, 10 Apr 2026 04:15 AM (IST)

ਦਹਿਸ਼ਤ ਕਾਰਨ ਸਕੂਲਾਂ ਦੇ ਬਾਹਰ ਮਾਪਿਆਂ ਦੀ ਭਾਰੀ ਭੀੜ ਹੋ ਗਈ ਜਮ੍ਹਾ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਸ਼ਾਹੀ ਸ਼ਹਿਰ ’ਚ ਵੀਰਵਾਰ ਸਵੇਰੇ ਉਸ ਸਮੇਂ ਭਾਰੀ ਦਹਿਸ਼ਤ ਫੈਲ ਗਈ, ਜਦੋਂ ਸ਼ਹਿਰ ਦੇ ਕਈ ਨਾਮੀ ਵਿੱਦਿਅਕ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਪ੍ਰਾਪਤ ਹੋਈਆਂ। ਇਨ੍ਹਾਂ ਸਕੂਲਾਂ ’ਚ ਮਸ਼ਹੂਰ ‘ਯਾਦਵਿੰਦਰਾ ਪਬਲਿਕ ਸਕੂਲ’ ਵੀ ਸ਼ਾਮਲ ਹੈ। ਧਮਕੀ ਦੀ ਸੂਚਨਾ ਮਿਲਦਿਆਂ ਹੀ ਸਕੂਲ ਪ੍ਰਬੰਧਕਾਂ, ਵਿਦਿਆਰਥੀਆਂ ਤੇ ਮਾਪਿਆਂ ’ਚ ਡਰ ਦਾ ਮਾਹੌਲ ਬਣ ਗਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਈ ਸਕੂਲਾਂ ਨੇ ਤੁਰੰਤ ਬੱਚਿਆਂ ਦੀ ਛੁੱਟੀ ਕਰ ਦਿੱਤੀ, ਜਿਸ ਕਾਰਨ ਸਕੂਲਾਂ ਦੇ ਬਾਹਰ ਮਾਪਿਆਂ ਦੀ ਭਾਰੀ ਭੀੜ ਜਮ੍ਹਾ ਹੋ ਗਈ। ਡੱਬੀ ਸਾਵਧਾਨੀ ਵਜੋਂ ਤੁਰੰਤ ਕੀਤੀ ਗਈ ਛੁੱਟੀ ਜਿਵੇਂ ਹੀ ਸਕੂਲ ਪ੍ਰਬੰਧਕਾਂ ਨੂੰ ਈਮੇਲ ਰਾਹੀਂ ਧਮਕੀ ਮਿਲੀ, ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਵਾਈਪੀਐੱਸ ਸਮੇਤ ਹੋਰਨਾਂ ਸਕੂਲਾਂ ਨੇ ਵ੍ਹਟਸਐਪ ਗਰੁੱਪਾਂ ਰਾਹੀਂ ਮਾਪਿਆਂ ਨੂੰ ਸੁਨੇਹਾ ਭੇਜ ਕੇ ਤੁਰੰਤ ਸਕੂਲ ਪਹੁੰਚਣ ਤੇ ਬੱਚਿਆਂ ਨੂੰ ਘਰ ਲੈ ਜਾਣ ਦੀ ਸੂਚਨਾ ਦਿੱਤੀ। ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਤ ਦਿਖਾਈ ਦਿੱਤੇ। ਸਕੂਲ ਪ੍ਰਬੰਧਕਾਂ ਅਨੁਸਾਰ ਭਾਵੇਂ ਇਹ ਧਮਕੀ ਫਰਜ਼ੀ ਜਾਪਦੀ ਸੀ ਪਰ ਬੱਚਿਆਂ ਦੀ ਜਾਨ ਨੂੰ ਖ਼ਤਰੇ ’ਚ ਨਹੀਂ ਪਾਇਆ ਜਾ ਸਕਦਾ ਸੀ। ਇਸ ਲਈ ਸਾਵਧਾਨੀ ਵਜੋਂ ਇਹ ਕਦਮ ਚੁੱਕਿਆ ਗਿਆ। ਡੱਬੀ ਪੁਲਿਸ ਦੀ ਤੁਰੰਤ ਕਾਰਵਾਈ ਅਤੇ ਜਾਂਚ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਟਿਆਲਾ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਤੇ ਬੰਬ ਨਿਰੋਧਕ ਦਸਤੇ ਸਮੇਤ ਮੌਕੇ ’ਤੇ ਪਹੁੰਚ ਗਏ। ਜਾਂਚ ਦੀ ਕਮਾਨ ਸੰਭਾਲ ਰਹੇ ਐੱਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸ਼ਹਿਰ ਦੇ ਵੱਡੇ ਸਕੂਲਾਂ ਜਿਵੇਂ ਕਿ ਵਾਈਪੀਐੱਸ, ਸ਼ਿਵਾਲਿਕ ਪਬਲਿਕ ਸਕੂਲ, ਬੁੱਢਾ ਦਲ ਪਬਲਿਕ ਸਕੂਲ ਤੇ ਮਾਊਂਟ ਲਿਟਰਾ ਆਦਿ ਦੀਆਂ ਅਧਿਕਾਰਤ ਈਮੇਲ ਆਈਡੀਜ਼ ’ਤੇ ਧਮਕੀ ਭਰੇ ਸੁਨੇਹੇ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ। ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਫਰਜ਼ੀ ਈਮੇਲਾਂ ਮਿਲਦੀਆਂ ਰਹੀਆਂ ਹਨ ਪਰ ਪੁਲਿਸ ਆਪਣੀ ਡਿਊਟੀ ਪੂਰੀ ਗੰਭੀਰਤਾ ਨਾਲ ਨਿਭਾ ਰਹੀ ਹੈ। ਪੂਰੇ ਸਕੂਲ ਕੰਪਲੈਕਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਡੱਬੀ ਸਾਈਬਰ ਸੈੱਲ ਦੀ ਮਦਦ ਨਾਲ ਜਾਂਚ ਤੇਜ਼ ਡੀਐੱਸਪੀ ਸਿਟੀ-1 ਸਤਨਾਮ ਸਿੰਘ ਨੇ ਵਾਈਪੀਐੱਸ ਸਕੂਲ ਵਿੱਚ ਚੱਲ ਰਹੇ ਸਰਚ ਆਪ੍ਰੇਸ਼ਨ ਦੌਰਾਨ ਦੱਸਿਆ ਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦਾ ਸਾਈਬਰ ਸੈੱਲ ਇਨ੍ਹਾਂ ਈਮੇਲਾਂ ਦੇ ਆਈਪੀ ਐਡਰੈੱਸ ਅਤੇ ਸਰੋਤ ਦਾ ਪਤਾ ਲਾਉਣ ’ਚ ਜੁਟ ਗਿਆ ਹੈ। ਡੀਐੱਸਪੀ ਨੇ ਕਿਹਾ ਕਿ ਅਫਵਾਹਾਂ ਫਲਾਉਣ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਡੱਬੀ ਪੁਲਿਸ ਦੀ ਅਪੀਲ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ ਤੇ ਸ਼ਾਂਤੀ ਬਣਾਈ ਰੱਖਣ, ਜੇਕਰ ਕੋਈ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਿਲਹਾਲ ਪੂਰੇ ਸ਼ਹਿਰ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਸਕੂਲਾਂ ਦੇ ਆਲੇ-ਦੁਆਲੇ ਪੁਲਿਸ ਦੀ ਗਸ਼ਤ ਜਾਰੀ ਹੈ।