ਕਿਰਤ ਵਿਭਾਗ ਦੇ ਦਫ਼ਤਰਾਂ ਦੀ ਦੂਰੀ ਕਾਰਨ ਕਿਰਤੀ ਪ੍ਰੇਸ਼ਾਨ
ਕਿਰਤ ਵਿਭਾਗ ਦੇ ਦਫ਼ਤਰਾਂ ਦੀ ਦੂਰੀ ਕਾਰਨ ਕਿਰਤੀ ਪ੍ਰੇਸ਼ਾਨ
Publish Date: Thu, 09 Apr 2026 06:03 PM (IST)
Updated Date: Fri, 10 Apr 2026 04:12 AM (IST)

ਸਮਾਣਾ ਦਫ਼ਤਰ ਨੂੰ ਪਟਿਆਲਾ ਤੋਂ ਤਬਦੀਲ ਕਰਨ ਦੀ ਮੰਗ ਵਿਭਾਗ ਨੇ ਡੀਸੀ ਨੂੰ ਜਗ੍ਹਾ ਮੁਹੱਈਆ ਕਰਵਾਉਣ ਲਈ ਕਿਹਾ ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ ਡਾ. ਅੰਬੇਡਕਰ ਵਰਕਰਜ਼ ਯੂਨੀਅਨ ਪੰਜਾਬ ਨੇ ਕਿਰਤ ਵਿਭਾਗ ਦੇ ਦਫ਼ਤਰਾਂ ਦੀ ਭੂਗੋਲਿਕ ਸਥਿਤੀ ਨੂੰ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਯੂਨੀਅਨ ਨੇ ਮੰਗ ਕੀਤੀ ਹੈ ਕਿ ਕਿਰਤ ਇੰਸਪੈਕਟਰ ਸਮਾਣਾ ਦਾ ਮੁੱਖ ਦਫ਼ਤਰ, ਜੋ ਇਸ ਸਮੇਂ ਪਟਿਆਲਾ ਸ਼ਹਿਰ ਵਿਖੇ ਸਥਿਤ ਹੈ, ਨੂੰ ਤੁਰੰਤ ਸਮਾਣਾ ਸ਼ਹਿਰ ਵਿੱਚ ਤਬਦੀਲ ਕੀਤਾ ਜਾਵੇ। ਇਸ ਸਬੰਧੀ ਯੂਨੀਅਨ ਦੇ ਪ੍ਰਧਾਨ ਸਰਦਾਰਾ ਸਿੰਘ ਵੱਲੋਂ ਕਿਰਤ ਕਮਿਸ਼ਨਰ ਪੰਜਾਬ ਅਤੇ ਸਰਕਾਰ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਹੈ। ਯੂਨੀਅਨ ਵੱਲੋਂ ਭੇਜੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਦੇ ਅਧਿਕਾਰ ਖੇਤਰ ਵਿੱਚ ਵੱਖ-ਵੱਖ ਸਰਕਲ ਆਉਂਦੇ ਹਨ। ਜਿੱਥੇ ਰਾਜਪੁਰਾ ਅਤੇ ਨਾਭਾ ਦੇ ਕਿਰਤ ਇੰਸਪੈਕਟਰਾਂ ਦੇ ਦਫ਼ਤਰ ਉਨ੍ਹਾਂ ਦੇ ਸਬੰਧਤ ਸ਼ਹਿਰਾਂ ਵਿੱਚ ਹਨ, ਉੱਥੇ ਹੀ ਸਮਾਣਾ ਸਰਕਲ ਦਾ ਦਫ਼ਤਰ ਪਟਿਆਲਾ ਦੇ ਨਿਹਾਲ ਬਾਗ ਇਲਾਕੇ ਵਿੱਚ ਚੱਲ ਰਿਹਾ ਹੈ। ਇਸ ਕਾਰਨ ਸਮਾਣਾ ਅਤੇ ਪਾਤੜਾਂ ਤਹਿਸੀਲ ਦੇ ਕਿਰਤੀਆਂ ਨੂੰ ਆਪਣੇ ਨਿੱਕੇ-ਨਿੱਕੇ ਕੰਮਾਂ ਲਈ ਪਟਿਆਲਾ ਦੇ ਚੱਕਰ ਲਗਾਉਣੇ ਪੈਂਦੇ ਹਨ। ਡੱਬੀ 80 ਤੋਂ 100 ਕਿਲੋਮੀਟਰ ਦਾ ਸਫ਼ਰ ਯੂਨੀਅਨ ਪ੍ਰਧਾਨ ਨੇ ਹਰਿਆਣਾ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪਾਤੜਾਂ ਦੇ ਦੂਰ-ਦੁਰਾਡੇ ਪਿੰਡਾਂ ਤੋਂ ਕਿਰਤੀਆਂ ਨੂੰ ਪਟਿਆਲਾ ਪਹੁੰਚਣ ਲਈ 80 ਤੋਂ 100 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਪਟਿਆਲਾ ਵਿਖੇ ਨਵਾਂ ਬੱਸ ਅੱਡਾ ਸ਼ਹਿਰ ਤੋਂ ਬਾਹਰ ਬਣਨ ਕਾਰਨ ਆਮ ਨਾਗਰਿਕਾਂ ਅਤੇ ਮਜ਼ਦੂਰਾਂ ਲਈ ਦਫ਼ਤਰ ਤੱਕ ਪਹੁੰਚਣਾ ਹੋਰ ਵੀ ਮੁਸ਼ਕਲ ਅਤੇ ਖ਼ਰਚੀਲਾ ਹੋ ਗਿਆ ਹੈ। ਇਸ ਦੂਰੀ ਦਾ ਫਾਇਦਾ ਚੁੱਕਦਿਆਂ ਕਈ ਅਦਾਰਿਆਂ ਵੱਲੋਂ ਕਿਰਤੀਆਂ ਦਾ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ। ਡੱਬੀ ਕਿਰਤ ਵਿਭਾਗ ਵੱਲੋਂ ਕਾਰਵਾਈ ਸ਼ੁਰੂ ਯੂਨੀਅਨ ਦੀ ਇਸ ਮੰਗ ਤੇ ਕਾਰਵਾਈ ਕਰਦਿਆਂ ਕਿਰਤ ਵਿਭਾਗ, ਪੰਜਾਬ ਦੇ ਮਾਡਲ ਵੈਲਫੇਅਰ ਸੈਂਟਰ ਐਸ.ਏ.ਐਸ. ਨਗਰ ਨੇ ਪੰਜਾਬ ਸਰਕਾਰ ਦੇ ਕਿਰਤ ਸ਼ਾਖਾ ਦੇ ਸੁਪਰਡੈਂਟ ਨੂੰ ਪੱਤਰ ਲਿਖ ਕੇ ਇਸ ਮਾਮਲੇ ਤੇ ਵਿਚਾਰ ਕਰਨ ਲਈ ਕਿਹਾ ਹੈ। ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਦੀ ਹੱਦਬੰਦੀ ਅਨੁਸਾਰ ਸਮਾਣਾ ਅਤੇ ਪਾਤੜਾਂ ਦਾ ਏਰੀਆ ਕਿਰਤ ਇੰਸਪੈਕਟਰ ਸਮਾਣਾ ਦੇ ਅਧੀਨ ਆਉਂਦਾ ਹੈ। ਵਿਭਾਗ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਹ ਲਿਖਣ ਦੀ ਸਿਫ਼ਾਰਸ਼ ਕੀਤੀ ਹੈ ਕਿ ਸਮਾਣਾ ਵਿਖੇ ਤਹਿਸੀਲ ਕੰਪਲੈਕਸ ਜਾਂ ਕਿਸੇ ਹੋਰ ਸਰਕਾਰੀ ਇਮਾਰਤ ਵਿੱਚ ਕਿਰਤ ਇੰਸਪੈਕਟਰ ਲਈ ਜਗ੍ਹਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਸ ਦਫ਼ਤਰ ਨੂੰ ਪਟਿਆਲਾ ਤੋਂ ਸਮਾਣਾ ਸ਼ਿਫਟ ਕੀਤਾ ਜਾ ਸਕੇ। ਜੇਕਰ ਇਹ ਦਫ਼ਤਰ ਤਬਦੀਲ ਹੁੰਦਾ ਹੈ, ਤਾਂ ਹਜ਼ਾਰਾਂ ਕਿਰਤੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹਨਾਂ ਦੇ ਸਮੇਂ ਤੇ ਪੈਸੇ ਦੀ ਬੱਚਤ ਹੋਵੇਗੀ।