ਪਟਿਆਲਾ ਦੇ ਅਰਬਨ ਸਟੇਟ 'ਚ ਲਵਾਰਿਸ ਪਸ਼ੂਆਂ ਤੇ ਕੁੱਤਿਆਂ ਦੀ ਦਹਿਸ਼ਤ
ਪਟਿਆਲਾ ਦੇ ਅਰਬਨ ਸਟੇਟ 'ਚ ਲਵਾਰਿਸ ਪਸ਼ੂਆਂ ਤੇ ਕੁੱਤਿਆਂ ਦਾ ਦਹਿਸ਼ਤ
Publish Date: Mon, 06 Apr 2026 06:21 PM (IST)
Updated Date: Mon, 06 Apr 2026 06:22 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਦੇ ਸਭ ਤੋਂ ਪਾਸ਼ ਇਲਾਕਿਆਂ ਵਿਚ ਸ਼ੁਮਾਰ ਅਰਬਨ ਐਸਟੇਟ ਦੇ ਫੇਜ਼ 1, 2, 3 ਅਤੇ 4 ਵਿਚ ਰਹਿਣ ਵਾਲੇ ਲੋਕ ਅੱਜ-ਕੱਲ੍ਹ ਗੰਭੀਰ ਮੁਸੀਬਤ ਵਿਚ ਹਨ। ਇਲਾਕੇ ਵਿਚ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਦੀ ਲਗਾਤਾਰ ਵਧ ਰਹੀ ਗਿਣਤੀ ਨੇ ਨਿਵਾਸੀਆਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਲੋਕਾਂ ਦਾ ਸੜਕਾਂ ਤੇ ਨਿਕਲਣਾ ਅਤੇ ਬੱਚਿਆਂ ਦਾ ਪਾਰਕਾਂ ’ਚ ਖੇਡਣਾ ਅਸੁਰੱਖਿਅਤ ਹੋ ਗਿਆ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਅਰਬਨ ਅਸਟੇਟ ਦੀਆਂ ਮੁੱਖ ਸੜਕਾਂ, ਅੰਦਰੂਨੀ ਗਲੀਆਂ ਅਤੇ ਮਾਰਕੀਟਾਂ ਵਿਚ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ। ਦਿਨ ਵੇਲੇ ਸੜਕਾਂ ਦੇ ਵਿਚਕਾਰ ਬੈਠੇ ਗਊਆਂ ਤੇ ਸਾਨ੍ਹਾਂ ਕਾਰਨ ਜਿੱਥੇ ਟ੍ਰੈਫਿਕ ਜਾਮ ਲੱਗਦੇ ਹਨ, ਉੱਥੇ ਹੀ ਰਾਤ ਦੇ ਸਮੇਂ ਇਹ ਪਸ਼ੂ ਹਾਦਸਿਆਂ ਦਾ ਮੁੱਖ ਕਾਰਨ ਬਣ ਰਹੇ ਹਨ। ਪਾਰਕਾਂ ਦੀ ਹਾਲਤ ਹੋਰ ਵੀ ਮਾੜੀ ਹੈ, ਜਿੱਥੇ ਇਹ ਜਾਨਵਰ ਗੰਦਗੀ ਫੈਲਾਉਂਦੇ ਹਨ, ਜਿਸ ਕਾਰਨ ਸੈਰ ਕਰਨ ਵਾਲੇ ਲੋਕਾਂ ਅਤੇ ਖੇਡਣ ਵਾਲੇ ਬੱਚਿਆਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ। ਸਭ ਤੋਂ ਵੱਡੀ ਸਮੱਸਿਆ ਆਵਾਰਾ ਕੁੱਤਿਆਂ ਦੀ ਹੈ। ਰਾਤ ਹੁੰਦਿਆਂ ਹੀ ਇਹ ਕੁੱਤੇ ਬੇਹੱਦ ਹਿੰਸਕ ਹੋ ਜਾਂਦੇ ਹਨ। ਕਈ ਵਾਰ ਇਹ ਕੁੱਤੇ ਦੋ ਪਹੀਆ ਵਾਹਨ ਸਵਾਰਾਂ ਅਤੇ ਪੈਦਲ ਚੱਲਣ ਵਾਲੇ ਰਾਹਗੀਰਾਂ ਦੇ ਪਿੱਛੇ ਪੈ ਜਾਂਦੇ ਹਨ, ਜਿਸ ਕਾਰਨ ਲੋਕ ਸੰਤੁਲਨ ਵਿਗੜਨ ਕਰਕੇ ਡਿੱਗ ਕੇ ਜ਼ਖਮੀ ਹੋ ਰਹੇ ਹਨ। ਬਜ਼ੁਰਗਾਂ ਅਤੇ ਬੱਚਿਆਂ ਵਿਚ ਇਨ੍ਹਾਂ ਕੁੱਤਿਆਂ ਕਾਰਨ ਇੰਨੀ ਦਹਿਸ਼ਤ ਹੈ ਕਿ ਉਨ੍ਹਾਂ ਨੇ ਸ਼ਾਮ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲਣਾ ਲਗਭਗ ਬੰਦ ਕਰ ਦਿੱਤਾ ਹੈ। -ਪ੍ਰਸ਼ਾਸਨਿਕ ਸੁਸਤੀ ਵਿਰੁੱਧ ਰੋਸ ਇਸ ਗੰਭੀਰ ਮੁੱਦੇ ਤੇ ਜੌਇੰਟ ਫੋਰਮ ਦੇ ਪ੍ਰਧਾਨ ਐਡਵੋਕੇਟ ਯੁਵਰਾਜ ਸਿੰਘ ਅਤੇ ਜਨਰਲ ਸਕੱਤਰ ਜਗਰੂਪ ਸਿੰਘ ਮਹਿਮਦਪੁਰ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ‘ਅਸੀਂ ਡਿਪਟੀ ਕਮਿਸ਼ਨਰ ਦਫਤਰ ਵਿਚ ਕਈ ਵਾਰ ਲਿਖਤੀ ਅਤੇ ਮੌਖਿਕ ਤੌਰ ਤੇ ਸ਼ਿਕਾਇਤਾਂ ਦੇ ਚੁੱਕੇ ਹਾਂ, ਪਰ ਅਫ਼ਸੋਸ ਦੀ ਗੱਲ ਹੈ ਕਿ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਪ੍ਰਸ਼ਾਸਨ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਪ੍ਰਤੀ ਗੰਭੀਰ ਨਹੀਂ ਲੱਗ ਰਿਹਾ।’ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਲਦ ਹੀ ਕੋਈ ਹੱਲ ਨਾ ਕੱਢਿਆ, ਤਾਂ ਅਰਬਨ ਅਸਟੇਟ ਦੇ ਨਿਵਾਸੀ ਸੜਕਾਂ ਤੇ ਉਤਰ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। -ਨਿਵਾਸੀਆਂ ਦੀ ਮੰਗ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਲਵਾਰਿਸ ਪਸ਼ੂਆਂ ਨੂੰ ਫੜ ਕੇ ਤੁਰੰਤ ਸ਼ੈਲਟਰ ਹੋਮ ਜਾਂ ਗਊਸ਼ਾਲਾਵਾਂ ਵਿਚ ਭੇਜਿਆ ਜਾਵੇ। ਕੁੱਤਿਆਂ ਦੀ ਵਧਦੀ ਆਬਾਦੀ ਨੂੰ ਰੋਕਣ ਲਈ ਨਸਬੰਦੀ ਮੁਹਿੰਮ ਤੇਜ਼ ਕੀਤੀ ਜਾਵੇ। ਪਾਰਕਾਂ ਦੀ ਸਫ਼ਾਈ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ। ਦੂਜੇ ਪਾਸੇ, ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਇਕ ਨਵੀਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਜਾਨਵਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਭਰੋਸਾ ਕਦੋਂ ਹਕੀਕਤ ਵਿੱਚ ਬਦਲਦਾ ਹੈ।