ਬਨੂੜ ਮੰਡੀ ਵਿਚ ਕਣਕ ਖਰੀਦ ਸ਼ੁਰੂ, ਪਹਿਲੇ 100 ਕੁਇੰਟਲ ਵਿਕੇ
ਬਨੂੜ ਮੰਡੀ ਵਿਚ ਕਣਕ ਖਰੀਦ ਸ਼ੁਰੂ, ਪਹਿਲੇ 100 ਕੁਇੰਟਲ ਖ੍ਰੀਦ
Publish Date: Thu, 02 Apr 2026 06:34 PM (IST)
Updated Date: Thu, 02 Apr 2026 06:37 PM (IST)

-ਕਿਸਾਨ ਮੰਡੀ ’ਚ ਸੁੱਕੀ ਕਣਕ ਲੈ ਕੇ ਆਉਣ : ਮਿੱਤਲ ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਸਥਾਨਕ ਅਨਾਜ ਮੰਡੀ ਵਿਚ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਣਕ ਦੀ ਸਰਕਾਰੀ ਖਰੀਦ ਸ਼ਰੂ ਕਰਵਾ ਦਿੱਤੀ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਨਾਮ ਸਿੰਘ, ਪਨਗ੍ਰੇਨ ਇੰਸਪੈਕਟਰ ਦੀਪਕ ਸਿਨਹਾ, ਮਾਰਕਫੈਡ ਦੇ ਇੰਸਪੈਕਟਰ ਅਮਰਜੀਤ ਸਿੰਘ ਤੇ ਜ਼ਿਲ੍ਹਾ ਮੁਹਾਲੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਮੌਜੂਦ ਸਨ। ਮੰਡੀ ਵਿਚ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਤੋਂ ਪਹਿਲਾ ਦੋਨਾਂ ਅਧਿਕਾਰੀਆਂ ਨੇ ਮਾਰਕੀਟ ਕਮੇਟੀ ਦੇ ਦਫ਼ਤਰ ’ਚ ਮੰਡੀ ਦੇ ਆੜ੍ਹਤੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਪੰਜਾਬ ਟ੍ਰੇਡਰਸ ਕੋਲ ਆਈਆਂ ਖੇੜੀ ਗੁਰਨਾ ਦੇ ਕਿਸਾਨ ਦਲਜਿੰਦਰ ਸਿੰਘ ਤੇ ਅਜੈਬ ਸਿੰਘ ਬਨੂੜ ਦੀਆਂ ਢੇਰੀਆਂ ਦੀ ਲੱਡੂ ਵੰਡ ਕੇ ਖਰੀਦ ਸ਼ੁਰੂ ਕਰਵਾਈ। ਪਨਗ੍ਰੇਨ ਦੇ ਇੰਸਪੈਕਟਰ ਦੀਪਕ ਸਿਨਹਾ ਨੇ ਦੋਨੋਂ ਏਜੰਸੀਆਂ ਦੀ 100 ਕੁਇੰਟਲ ਕਣਕ ਖਰੀਦੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਉਨ੍ਹਾਂ ਮੰਡੀ ਦੇ ਅੜ੍ਹਤੀਆਂ ਤੇ ਏਜੰਸੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ, ਜਿਨ੍ਹਾਂ ਦੱਸਿਆ ਕਿ ਬਨੂੜ ਮੰਡੀ ਵਿਚ ਪਹਿਲਾ ਵੀ ਖਰਦੀ ਨੂੰ ਲੈ ਕੇ ਕੋਈ ਮੁਸ਼ਕਿਲ ਨਹੀ ਆਈ ਤੇ ਇਸ ਵਾਰ ਵੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਮੌਸਮ ਦੀ ਖਰਾਬੀ ਕਾਰਨ ਕਣਕ ਲੇਟ ਹੋ ਰਹੀ ਹੈ ਇਸ ਲਈ ਕਿਸਾਨ ਸਿਰਫ ਸੁੱਕੀ ਕਣਕ ਲੈ ਕੇ ਹੀ ਮੰਡੀ ਵਿੱਚ ਆਉਣ ਤਾਂ ਜੋ ਉਨਾਂ ਨੂੰ ਕਣਕ ਵੇਚਣ ਵਿੱਚ ਕੋਈ ਮਸ਼ਕਿਲ ਨਾ ਆਵੇ। ਇਸ ਮੌਕੇ ਐਡ. ਲਵਿਸ਼ ਮਿੱਤਲ, ਬਲਾਕ ਪ੍ਰਧਾਨ ਲੱਕੀ ਸੰਧੂ, ਜਸਵਿੰਦਰ ਲਾਲਾ, ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ, ਕੌਂਸਲਰ ਭਜਨ ਲਾਲ ਨੰਦਾ, ਜਤਿੰਦਰ ਗੋਲਡੀ, ਧਰਮਪਾਲ ਪਿੰਕੀ, ਵਿੱਕੀ ਸਿੰਗਲਾ, ਅਰਵਿੰਦ ਟੋਨੀ, ਪਿੰਕਾ ਜੈਨ, ਭੂਸ਼ਣ ਜੈਨ, ਅੰਮਿਤ ਜੈਨ, ਸੋਨੂੰ ਜੈਨ ਮੌਜੂਦ ਸਨ। ਡੱਬੀ ਖਰੀਦ ਸ਼ੁਰੂ ਹੋਣ ਮੌਕੇ ਚੇਅਰਮੈਨ ਚੰਦੂਆ ਰਹੇ ਗ਼ੈਰ-ਹਾਜ਼ਰ ਅਨਾਜ ਮੰਡੀ ਬਨੂੜ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆ ਦੀ ਗੈਰ ਹਾਜ਼ਰੀ ਰੜਕਦੀ ਰਹੀ। ਇਸ ਮੌਕੇ ਮੌਜੂਦ ਅਨਾਜ ਮੰਡੀ ਦੇ ਆੜ੍ਹਤੀ ਅਤੇ ਕਿਸਾਨਾਂ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਹਾਜ਼ਰੀ ਬਾਰੇ ਘੁਸਰ-ਮੁਸਰ ਹੁੰਦੀ ਰਹੀ। ਦੱਸਣਯੋਗ ਹੈ ਕਿ ਹਲਕਾ ਵਿਧਾਇਕ ਨੀਨਾ ਮਿੱਤਲ ਅਤੇ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆ ਵਿੱਚ ਖਿੱਚੋਤਾਣ ਚੱਲ ਰਹੀ ਹੈ, ਜਿਸ ਕਾਰਨ ਦੋਵੇਂ ਆਪੋ ਆਪਣੇ ਧੜਿਆਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ।