ਅਰਬਨ ਅਸਟੇਟ ਦੀਆਂ ਖਸਤਾਹਾਲ ਸੜਕਾਂ ਖ਼ਿਲਾਫ਼ ਨਿਵਾਸੀਆਂ ਦਾ ਫੁੱਟਿਆ ਗੁੱਸਾ
ਅਰਬਨ ਅਸਟੇਟ ਦੀਆਂ ਖਸਤਾਹਾਲ ਸੜਕਾਂ ਖ਼ਿਲਾਫ਼ ਨਿਵਾਸੀਆਂ ਦਾ ਫੁੱਟਿਆ ਗੁੱਸਾ
Publish Date: Thu, 02 Apr 2026 05:06 PM (IST)
Updated Date: Thu, 02 Apr 2026 05:07 PM (IST)

-ਜੁਆਇੰਟ ਐਕਸ਼ਨ ਫੋਰਮ ਦੀ ਹੋਈ ਮੀਟਿੰਗ, ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਅਰਬਨ ਅਸਟੇਟ ਦੇ ਫੇਜ਼ ਇਕ, ਦੋ, ਤਿੰਨ ਅਤੇ ਚਾਰ ਦੀਆਂ ਸੜਕਾਂ ਦੀ ਲਗਾਤਾਰ ਵਿਗੜ ਰਹੀ ਹਾਲਤ ਨੂੰ ਲੈ ਕੇ ਇਲਾਕਾ ਨਿਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਗੰਭੀਰ ਮੁੱਦੇ ਤੇ ਚਰਚਾ ਕਰਨ ਲਈ ਜੁਆਇੰਟ ਐਕਸ਼ਨ ਫੋਰਮ ਦੀ ਇੱਕ ਅਹਿਮ ਮੀਟਿੰਗ ਐਡਵੋਕੇਟ ਯੁਵਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਫੋਰਮ ਦੇ ਮੈਂਬਰਾਂ ਨੇ ਪ੍ਰਸ਼ਾਸਨਿਕ ਅਣਗਹਿਲੀ ਅਤੇ ਸੜਕਾਂ ਦੀ ਦੁਰਦਸ਼ਾ ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਇਸ ਤੋਂ ਇਲਾਵਾ, ਮੀਟਿੰਗ ’ਚ ਪਾਰਕ ਨੰਬਰ 39 ਵਿੱਚ ਲੱਗਣ ਵਾਲੇ ਵਾਟਰ ਰੀਚਾਰਜ ਪੁਆਇੰਟ ਦਾ ਮੁੱਦਾ ਵੀ ਗੂੰਜਿਆ। ਦੋਸ਼ ਲਾਇਆ ਗਿਆ ਕਿ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਹੋਣ ਦੇ ਬਾਵਜੂਦ ਇਹ ਸਿਆਸਤ ਦੀ ਭੇਟ ਚੜ੍ਹ ਗਿਆ ਅਤੇ ਜਾਣਬੁੱਝ ਕੇ ਕੰਮ ਰੁਕਵਾ ਦਿੱਤਾ ਗਿਆ, ਜੋ ਕਿ ਲੋਕ ਹਿੱਤਾਂ ਨਾਲ ਸਿੱਧਾ ਖਿਲਵਾੜ ਹੈ। ਦੱਸਣਾ ਬਣਦਾ ਹੈ ਕਿ ਇਹ ਮੁੱਦਾ ਪੰਜਾਬੀ ਜਾਗਰਣ ਵਲੋਂ ਉਜਾਗਰ ਕੀਤਾ ਜਾ ਚੁੱਕਾ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਬੇਰੁਖੀ ਖਿਲਾਫ ਲੋਕ ਵੀ ਇਕੱਤਰ ਹੋਣ ਲੱਗੇ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਫੋਰਮ ਦੇ ਜਨਰਲ ਸਕੱਤਰ ਜਗਰੂਪ ਸਿੰਘ ਮਹਿਮਦਪੁਰ ਨੇ ਕਿਹਾ ਕਿ ਅਰਬਨ ਅਸਟੇਟ ਵਿੱਚ ਸੜਕਾਂ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਇੱਥੇ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ, ‘ਸੜਕਾਂ ਵਿੱਚ ਪਏ ਡੂੰਘੇ ਟੋਏ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਦੀ ਜਿਉਂਦੀ ਜਾਗਦੀ ਮਿਸਾਲ ਹਨ। ਅਜਿਹਾ ਲੱਗਦਾ ਹੈ ਜਿਵੇਂ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਉਸ ਨੂੰ ਲੋਕਾਂ ਦੀਆਂ ਤਕਲੀਫਾਂ ਦੀ ਕੋਈ ਪਰਵਾਹ ਨਹੀਂ ਹੈ।’ ਵਿਸ਼ੇਸ਼ ਤੌਰ ਤੇ ਬਾਈਪਾਸ ਤੋਂ ਚਨਾਰ ਬਾਗ ਜਾਣ ਵਾਲੀ ਸੜਕ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਮਾਰਗ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਇਲਾਕਾ ਸੂਬੇ ਦੇ ਸਿਹਤ ਮੰਤਰੀ ਦੇ ਹਲਕੇ ਵਿੱਚ ਆਉਂਦਾ ਹੈ, ਫਿਰ ਵੀ ਇਸ ਦੀ ਸਾਰ ਲੈਣ ਵਾਲਾ ਕੋਈ ਨਹੀਂ। ਡੱਬੀ ਕਿਸੇ ਦੇ ਕੰਨ ’ਤੇ ਜੂੰ ਨਹੀਂ ਸਰਕੀ : ਯੁਵਰਾਜ ਸਿੰਘ ਐਡਵੋਕੇਟ ਯੁਵਰਾਜ ਸਿੰਘ ਅਤੇ ਜਗਰੂਪ ਸਿੰਘ ਨੇ ਦੱਸਿਆ ਕਿ ਅਰਬਨ ਅਸਟੇਟ ਦੇ ਵਿਕਾਸ ਲਈ ਉਨ੍ਹਾਂ ਨੇ ਕਈ ਵਾਰ ਸਥਾਨਕ ਵਿਧਾਇਕ ਡਾ. ਬਲਵੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਵਿਧਾਇਕ ਵੱਲੋਂ ਪੁੱਡਾ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ, ਪਰ ਅਫਸੋਸ ਦੀ ਗੱਲ ਹੈ ਕਿ ਪੁੱਡਾ ਦੇ ਅਧਿਕਾਰੀਆਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ । ਫੋਰਮ ਨੇ ਮੰਗ ਕੀਤੀ ਹੈ ਕਿ ਬਰਸਾਤੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੜਕਾਂ ਦੇ ਟੋਏ ਭਰੇ ਜਾਣ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਜਲ-ਥਲ ਅਤੇ ਹਾਦਸਿਆਂ ਦਾ ਸਾਹਮਣਾ ਨਾ ਕਰਨਾ ਪਵੇ। ਡੱਬੀ ਤਿੱਖੇ ਸੰਘਰਸ਼ ਦਾ ਐਲਾਨ ਜੁਆਇੰਟ ਫੋਰਮ ਨੇ ਪ੍ਰਸ਼ਾਸਨ ਨੂੰ ਦੋ ਟੁੱਕ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਨਾ ਕੀਤਾ ਗਿਆ, ਤਾਂ ਉਹ ਪ੍ਰਸ਼ਾਸਨ ਵਿਰੁੱਧ ਵੱਡਾ ਅੰਦੋਲਨ ਅਤੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੀਟਿੰਗ ਵਿੱਚ ਜਗਰੂਪ ਸਿੰਘ ਮਹਿਮਦਪੁਰ ਜਨਰਲ ਸਕੱਤਰ, ਡਾਕਟਰ ਰਣਜੀਤ ਸਿੰਘ ਕੋਆਰਡੀਨੇਟਰ, ਅਮਰਜੀਤ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ ਬਰਾੜ ਅਤੇ ਹੋਰ ਪਤਵੰਤੇ ਮੈਂਬਰ ਹਾਜ਼ਰ ਸਨ।