ਪੀਯੂ ’ਚ ਲਾਇਬ੍ਰੇਰੀ ਨੇੜੇ ਜਮ੍ਹਾਂ ਹੋਇਆ ਸੀਵਰੇਜ ਦਾ ਪਾਣੀ, ਵਿਦਿਆਰਥੀ ਪਰੇਸ਼ਾਨ
ਪੀਯੂ ’ਚ ਲਾਇਬ੍ਰੇਰੀ ਨੇੜੇ ਜਮਾਂ ਹੋਇਆ ਸੀਵਰੇਜ ਦੇ ਗੰਦੇ ਪਾਣੀ, ਵਿਦਿਆਰਥੀ ਪ੍ਰੇਸ਼ਾਨ
Publish Date: Thu, 02 Apr 2026 04:46 PM (IST)
Updated Date: Thu, 02 Apr 2026 04:49 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪੰਜਾਬੀ ਯੂਨੀਵਰਸਿਟੀ ਜੋ ਕਿ ਉੱਤਰੀ ਭਾਰਤ ਦਾ ਇੱਕ ਪ੍ਰਮੁੱਖ ਵਿਦਿਅਕ ਕੇਂਦਰ ਮੰਨੀ ਜਾਂਦੀ ਹੈ, ਅੱਜਕਲ੍ਹ ਬੁਨਿਆਦੀ ਢਾਂਚੇ ਦੀ ਮਾੜੀ ਹਾਲਤ ਕਾਰਨ ਸੁਰਖੀਆਂ ’ਚ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਹੋਸਟਲਾਂ ਅਤੇ ਖਾਸ ਕਰਕੇ ਸਫ਼ਾਈ ਵਿਵਸਥਾ ਦੀ ਦੁਰਦਸ਼ਾ ਨੇ ਵਿਦਿਆਰਥੀਆਂ ਲਈ ਗੰਭੀਰ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਯੂਨੀਵਰਸਿਟੀ ਦੀ ਸ਼ਾਨ ਕਹੀ ਜਾਣ ਵਾਲੀ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਦੇ ਬਾਹਰਲੇ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਲਾਇਬ੍ਰੇਰੀ ਦੇ ਬਿਲਕੁਲ ਬਾਹਰ ਸੀਵਰੇਜ ਪ੍ਰਣਾਲੀ ਦੇ ਫੇਲ੍ਹ ਹੋਣ ਕਾਰਨ ਪਖਾਨਿਆਂ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਸੜਕਾਂ ਤੇ ਆ ਰਿਹਾ ਹੈ। ਇਸ ਕਾਰਨ ਇੱਥੇ ਹਰ ਵੇਲੇ ਅਸਹਿ ਬਦਬੂ ਫੈਲੀ ਰਹਿੰਦੀ ਹੈ, ਜਿਸ ਕਾਰਨ ਲਾਇਬ੍ਰੇਰੀ ਵਿੱਚ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦਾ ਉੱਥੇ ਬੈਠਣਾ ਜਾਂ ਲੰਘਣਾ ਵੀ ਦੁੱਭਰ ਹੋ ਗਿਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਜਿਹੇ ਗੰਦਗੀ ਭਰੇ ਮਾਹੌਲ ਵਿੱਚ ਪੜ੍ਹਾਈ ਕਰਨਾ ਤਾਂ ਦੂਰ, ਸਾਹ ਲੈਣਾ ਵੀ ਔਖਾ ਹੈ। ਡੱਬੀ ਕੂੜੇਦਾਨਾਂ ਦੀ ਘਾਟ ਤੇ ਫੈਲੀ ਗੰਦਗੀ ਪੀ.ਐਸ.ਯੂ. (ਲਲਕਾਰ) ਦੇ ਆਗੂਆਂ ਨੇ ਪ੍ਰਸ਼ਾਸਨ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੂਰੀ ਯੂਨੀਵਰਸਿਟੀ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਕੈਂਪਸ ਵਿੱਚ ਦੂਰ-ਦੂਰ ਤੱਕ ਕੂੜਾ ਸੁੱਟਣ ਲਈ ਕੋਈ ਕੂੜੇਦਾਨ ਨਜ਼ਰ ਨਹੀਂ ਆਉਂਦਾ, ਜਿਸ ਕਾਰਨ ਸਫ਼ਾਈ ਵਿਵਸਥਾ ਦਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਯੂਨੀਵਰਸਿਟੀ ਦਾ ਰਿਹਾਇਸ਼ੀ ਖੇਤਰ ਹੋਵੇ ਜਾਂ ਅਕਾਦਮਿਕ ਬਲਾਕ, ਹਰ ਪਾਸੇ ਲਾਪਰਵਾਹੀ ਦੀ ਦਾਸਤਾਨ ਸਾਫ਼ ਦਿਖਾਈ ਦਿੰਦੀ ਹੈ। ਡੱਬੀ ਪ੍ਰਸ਼ਾਸਨ ਦੀ ਚੁੱਪ ਅਤੇ ਵਿਦਿਆਰਥੀਆਂ ਦੀ ਚਿਤਾਵਨੀ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਮੰਗ-ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਨਿੱਜੀ ਤੌਰ ਤੇ ਮਿਲ ਕੇ ਵੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਆਗੂਆਂ ਨੇ ਕਿਹਾ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਸਮੱਸਿਆਵਾਂ ਦਾ ਤੁਰੰਤ ਹੱਲ ਨਾ ਕੀਤਾ, ਤਾਂ ਅਸੀਂ ਚੁੱਪ ਨਹੀਂ ਬੈਠਾਂਗੇ। ਵਿਦਿਆਰਥੀ ਇਸ ਮਾੜੀ ਕਾਰਗੁਜ਼ਾਰੀ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਪ੍ਰਸ਼ਾਸਨ ਦੀ ਹੋਵੇਗੀ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਸੀਵਰੇਜ ਦੀ ਤੁਰੰਤ ਮੁਰੰਮਤ ਕੀਤੀ ਜਾਵੇ, ਨਵੇਂ ਡਸਟਬੀਨ ਲਗਾਏ ਜਾਣ ਅਤੇ ਕੈਂਪਸ ਦੀ ਸਫ਼ਾਈ ਨੂੰ ਪਹਿਲ ਦੇ ਆਧਾਰ ਤੇ ਯਕੀਨੀ ਬਣਾਇਆ ਜਾਵੇ ਤਾਂ ਜੋ ਵਿਦਿਆਰਥੀ ਭੈਅ-ਮੁਕਤ ਅਤੇ ਸਾਫ਼-ਸੁਥਰੇ ਮਾਹੌਲ ਵਿੱਚ ਆਪਣੀ ਪੜ੍ਹਾਈ ਜਾਰੀ ਰੱਖ ਸਕਣ।