ਨਰਸਿੰਗ ਸਟਾਫ ਦੀ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ
ਨਰਸਿੰਗ ਸਟਾਫ ਦੀ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ
Publish Date: Sat, 28 Mar 2026 07:25 PM (IST)
Updated Date: Sat, 28 Mar 2026 07:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸੂਬੇ ਦੇ ਮੈਡੀਕਲ ਸਿੱਖਿਆ ਵਿਭਾਗ ਦੇ ਨਰਸਿੰਗ ਸਟਾਫ਼ ਵੱਲੋਂ 4600 ਰੁਪਏ ਗਰੇਡ ਪੇ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਹੈ। ਸ਼ਨਿਚਰਵਾਰ ਨੂੰ ਹੜਤਾਲੀ ਸਟਾਫ਼ ਨੇ ਰਾਜਿੰਦਰਾ ਹਸਪਤਾਲ ਦੇ ਅੰਦਰ ਗੈਲਰੀ ਵਿੱਚ ਰੋਸ ਰੈਲੀ ਕੱਢੀ ਅਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਇਸ ਹੜਤਾਲ ਕਾਰਨ ਹਸਪਤਾਲ ਪ੍ਰਸ਼ਾਸਨ ਵੀ ਚਿੰਤਤ ਹੈ, ਕਿਉਂਕਿ ਹੜਤਾਲ ਦਾ ਅਸਰ ਹੌਲੀ-ਹੌਲੀ ਹਸਪਤਾਲ ਦੀਆਂ ਸਿਹਤ ਸੇਵਾਵਾਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਹਸਪਤਾਲ ਦੇ ਵਾਰਡਾਂ ਵਿੱਚ ਜਿੱਥੇ ਪਹਿਲਾਂ ਪੰਜ ਨਰਸਿੰਗ ਸਟਾਫ਼ ਮੈਂਬਰ ਕੰਮ ਕਰ ਰਹੇ ਸਨ, ਉੱਥੇ ਹੁਣ ਸਿਰਫ਼ ਤਿੰਨ ਹੀ ਰਹਿ ਗਏ ਹਨ। ਨਰਸਿੰਗ ਸਟਾਫ਼ ਦੀ ਹੜਤਾਲ ਕਾਰਨ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਾ ਹੋਣ, ਇਸ ਲਈ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਵੱਲੋਂ ਪ੍ਰਾਈਵੇਟ ਕਾਲਜਾਂ ਨੂੰ ਅਪੀਲ ਕੀਤੀ ਗਈ ਹੈ। ਪ੍ਰਾਈਵੇਟ ਕਾਲਜਾਂ ਵਿੱਚ ਨਰਸਿੰਗ ਦੀ ਸਿਖਲਾਈ ਲੈ ਰਹੇ ਵਿਦਿਆਰਥੀਆਂ ਅਤੇ ਕਾਲਜ ਅਧਿਆਪਕਾਂ ਨੂੰ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਹੜਤਾਲ ਲੰਬੇ ਸਮੇਂ ਤੱਕ ਚੱਲੀ ਤਾਂ ਪ੍ਰਸ਼ਾਸਨ ਨੂੰ ਐਮਰਜੈਂਸੀ ਸੇਵਾਵਾਂ ਬਹਾਲ ਰੱਖਣ ਵਿੱਚ ਮੁਸ਼ਕਿਲ ਆ ਸਕਦੀ ਹੈ। ਫਿਲਹਾਲ ਪ੍ਰਸ਼ਾਸਨ ਨੇ ਬਦਲਵੇਂ ਪ੍ਰਬੰਧ ਕੀਤੇ ਹੋਏ ਹਨ, ਪਰ ਇਹ ਜ਼ਿਆਦਾ ਦੇਰ ਤੱਕ ਕਾਰਗਰ ਨਹੀਂ ਰਹਿਣਗੇ। ਮੰਗਾਂ ਪੂਰੀਆਂ ਹੋਣ ਤੱਕ ਧਰਨਾ ਜਾਰੀ ਰਹੇਗਾ : ਐਸੋਸੀਏਸ਼ਨ ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਆਗੂਆਂ ਦੀ ਸਰਕਾਰ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਕਾਰਨ ਐਸੋਸੀਏਸ਼ਨ ਵਿੱਚ ਭਾਰੀ ਰੋਸ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਟਾਲ-ਮਟੋਲ ਕਰ ਰਹੀ ਹੈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਕਾਰਨ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਗਿੱਲ ਨੇ ਸਪੱਸ਼ਟ ਕੀਤਾ ਕਿ ਜੇਕਰ ਹੜਤਾਲ ਦੌਰਾਨ ਕਿਸੇ ਮਰੀਜ਼ ਦਾ ਕੋਈ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਜ਼ਿੰਮੇਵਾਰੀ ਸਿੱਧੀ ਸਰਕਾਰ ਦੀ ਹੋਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 4600 ਗਰੇਡ ਪੇ ਵਾਲੇ ਨੋਟੀਫਿਕੇਸ਼ਨ ਨੂੰ ਬਹਾਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।