ਘਰ ’ਚੋਂ ਗਹਿਣੇ ਚੋਰੀ ਹੋਣ ਦਾ ਮਾਮਲਾ, ਦੋ ਨਾਮਜ਼ਦ
ਮਰਹੂਮ ਜੱਜ ਦੇ ਘਰੋਂ ਗਹਿਣੇ ਚੋਰੀ ਹੋਣ ਦਾ ਮਾਮਲਾ, ਦੋ ਨਾਮਜ਼ਦ
Publish Date: Sat, 28 Mar 2026 07:22 PM (IST)
Updated Date: Sat, 28 Mar 2026 07:23 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਪੁਲਿਸ ਨੇ ਇੱਕ ਮਰਹੂਮ ਐਡੀਸ਼ਨਲ ਜ਼ਿਲ੍ਹਾ ਜੱਜ ਦੇ ਘਰੋਂ ਕੀਮਤੀ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਅਤੇ ਦੋ ਅਣਪਛਾਤਿਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਹ ਕਾਰਵਾਈ ਡਾ. ਭੁਪਿੰਦਰ ਸਿੰਘ ਵਿਰਕ ਪ੍ਰੋਫੈਸਰ ਲਾਅ ਵਿਭਾਗ ਪੰਜਾਬੀ ਯੂਨੀਵਰਸਿਟੀ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਸੰਗਰੂਰ ਵਿਖੇ ਤਾਇਨਾਤ ਰਹੇ ਮਰਹੂਮ ਐਡੀਸ਼ਨਲ ਜ਼ਿਲ੍ਹਾ ਜੱਜ ਕੰਵਲਜੀਤ ਸਿੰਘ ਦੇ ਗੂੜੇ ਮਿੱਤਰ ਸਨ। ਜੱਜ ਦੀ ਮੌਤ 1 ਅਗਸਤ 2025 ਨੂੰ ਅਮਰ ਹਸਪਤਾਲ ਪਟਿਆਲਾ ਵਿਖੇ ਹੋਈ ਸੀ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਜਿਸ ਰਾਤ ਜੱਜ ਦੀ ਮੌਤ ਹੋਈ, ਉਸੇ ਰਾਤ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਅਮਰਜੋਤ ਕੌਰ ਉਰਫ਼ ਪਿੰਕੀ ਅਤੇ ਗੌਰਵ ਗੋਇਲ ਵਾਸੀ ਬਠਿੰਡਾ ਨੇ ਦੋ ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਪਟਿਆਲਾ ਦੀ ਵਿਕਾਸ ਕਾਲੋਨੀ ਸਥਿਤ ਸਰਕਾਰੀ ਕੋਠੀ ਨੰਬਰ 74-ਸੀ ਵਿੱਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਘਰ ਵਿੱਚੋਂ ਪੁਸ਼ਤੈਨੀ ਸੋਨਾ, ਹੋਰ ਗਹਿਣ ਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ। ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਸੌਂਪੀ ਗਈ ਹੈ, ਜਿਸ ਵਿੱਚ ਮੁਲਜ਼ਮ ਗੱਡੀ ਵਿੱਚ ਸਾਮਾਨ ਲੋਡ ਕਰ ਕੇ ਜਾਂਦੇ ਦਿਖਾਈ ਦੇ ਰਹੇ ਹਨ। ਦੱਸਿਆ ਗਿਆ ਹੈ ਕਿ ਜੱਜ ਦੇ ਦੋਵੇਂ ਬੇਟੇ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ ਦੀ ਪੈਰਵੀ ਲਈ ਡਾ. ਵਿਰਕ ਨੂੰ ਪਾਵਰ ਆਫ ਅਟਾਰਨੀ ਦਿੱਤੀ ਹੋਈ ਹੈ। ਥਾਣਾ ਲਾਹੌਰੀ ਗੇਟ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।