ਸਾਬਕਾ ਮੰਤਰੀ ਲਾਲ ਸਿੰਘ ਦਾ ਦੇਹਾਂਤ, ਅੱਜ ਪਟਿਆਲਾ ’ਚ ਹੋਵੇਗਾ ਸਸਕਾਰ
ਸਾਬਕਾ ਮੰਤਰੀ ਲਾਲ ਸਿੰਘ ਦਾ ਦੇਹਾਂਤ, ਅੱਜ ਪਟਿਆਲਾ ’ਚ ਹੋਵੇਗਾ ਸਸਕਾਰ
Publish Date: Sat, 28 Mar 2026 07:18 PM (IST)
Updated Date: Sat, 28 Mar 2026 07:20 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਅਤੇ ਕਾਂਗਰਸ ਪਾਰਟੀ ਦੇ ਬੇਹੱਦ ਵਫ਼ਾਦਾਰ ਸਿਪਾਹੀ ਮੰਨੇ ਜਾਣ ਵਾਲੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਦੇਹਾਂਤ ਦੀ ਸੂਚਨਾ ਮਿਲਦਿਆਂ ਹੀ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਟਿਆਲਾ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਸਵੇਰ ਤੋਂ ਹੀ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਦਾ ਤਾਂਤਾ ਲੱਗਿਆ ਹੋਇਆ ਹੈ, ਜੋ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ। ਸਵ. ਲਾਲ ਸਿੰਘ ਦੇ ਪੁੱਤਰ ਤੇ ਸਮਾਣਾ ਤੋਂ ਸਾਬਕਾ ਵਿਧਾਂਇਕ ਰਜਿੰਦਰ ਸਿੰਘ ਨੇ ਦੱਸਿਆ ਕਿ ਲਾਲ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਪਟਿਆਲਾ ਦੇ ਰਾਜਪੁਰਾ ਰੋਡ ’ਤੇ ਸਥਿਤ ਵੀਰਜੀ ਦੀਆਂ ਮੜੀਆਂ ਵਿਚ ਦੁਪਹਿਰ ਤਿੰਨ ਵਜੇ ਹੋਵੇਗਾ। ਛੇ ਦਹਾਕਿਆਂ ਦਾ ਬੇਦਾਗ਼ ਸਿਆਸੀ ਸਫ਼ਰ : 24 ਜਨਵਰੀ 1942 ਨੂੰ ਜਨਮੇ ਲਾਲ ਸਿੰਘ ਨੇ ਲਗਭਗ 60 ਸਾਲ ਸਰਗਰਮ ਰਾਜਨੀਤੀ ਵਿੱਚ ਗੁਜ਼ਾਰੇ। ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਜ਼ਮੀਨੀ ਪੱਧਰ ਤੋਂ ਕੀਤੀ ਸੀ। ਰਾਜਨੀਤੀ ਦੇ ਸਿਖਰ ’ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਸਹਿਕਾਰੀ ਸੰਸਥਾਵਾਂ ਵਿੱਚ ਅਹਿਮ ਸੇਵਾਵਾਂ ਨਿਭਾਈਆਂ। ਉਹ ਮਾਰਕੀਟ ਕਮੇਟੀ ਪਟਿਆਲਾ ਦੇ ਮੈਂਬਰ, ਭੁਨਰਹੇੜੀ ਪੰਚਾਇਤ ਸੰਮਤੀ ਦੇ ਮੈਂਬਰ, ਅਤੇ ਕੇਂਦਰੀ ਤੇ ਸਟੇਟ ਸਹਿਕਾਰੀ ਬੈਂਕਾਂ ਦੇ ਡਾਇਰੈਕਟਰ ਵਜੋਂ ਵੀ ਕਾਰਜਸ਼ੀਲ ਰਹੇ। ਲਾਲ ਸਿੰਘ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ 1968 ਤੋਂ ਲਗਾਤਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਰਹੇ। ਉਹ ਤਿੰਨ ਵਾਰ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦੇ ਪ੍ਰਧਾਨ ਅਤੇ ਸਾਲ 2009 ਵਿੱਚ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਵੀ ਰਹੇ। ਛੇ ਵਾਰ ਰਹੇ ਵਿਧਾਇਕ, ਸੰਭਾਲੇ ਅਹਿਮ ਮੰਤਰਾਲੇ : ਲਾਲ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਛੇ ਵਾਰ ਚੁਣ ਕੇ ਪਹੁੰਚੇ। ਉਨ੍ਹਾਂ ਨੇ 1977, 1980, 1992, 2002 ਅਤੇ 2007 ਵਿੱਚ ਡਕਾਲਾ ਹਲਕੇ ਦੀ ਨੁਮਾਇੰਦਗੀ ਕੀਤੀ, ਜਦਕਿ 2012 ਵਿੱਚ ਉਹ ਸਨੌਰ ਹਲਕੇ ਤੋਂ ਵਿਧਾਇਕ ਬਣੇ। ਸਰਕਾਰ ਵਿੱਚ ਉਨ੍ਹਾਂ ਦਾ ਕੱਦ ਹਮੇਸ਼ਾ ਉੱਚਾ ਰਿਹਾ ਹੈ। 1992-1996 ਤੱਕ ਸਿਹਤ, ਪਰਿਵਾਰ ਭਲਾਈ ਅਤੇ ਖੁਰਾਕ ਸਪਲਾਈ ਮੰਤਰੀ, 2002-2007 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਵਿੱਤ, ਯੋਜਨਾਬੰਦੀ, ਸਿੰਚਾਈ ਅਤੇ ਬਿਜਲੀ ਵਰਗੇ ਸਭ ਤੋਂ ਅਹਿਮ ਵਿਭਾਗਾਂ ਦੇ ਮੰਤਰੀ ਅਤੇ 2017-2022 ਵਿਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ (ਕੈਬਨਿਟ ਰੈਂਕ) ਵਜੋਂ ਸੇਵਾਵਾਂ ਨਿਭਾਈਆਂ। ਸਿਆਸੀ ਆਗੂਆਂ ਵੱਲੋਂ ਸ਼ਰਧਾਂਜਲੀਆਂ : ਉਨ੍ਹਾਂ ਦੇ ਅਕਾਲ ਚਲਾਣੇ ’ਤੇ ਪੰਜਾਬ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀਆਂ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਲ ਸਿੰਘ ਇਕ ਬਹੁਤ ਚੰਗੇ ਮਿੱਤਰ ਸਨ, ਸਰਕਾਰ ਵਿਚ ਵੀ ਲੰਮਾ ਸਮਾਂ ਇਕੱਠੇ ਕੰਮ ਕੀਤਾ, ਹਮੇਸ਼ਾ ਉਨ੍ਹਾਂ ਦੀ ਕਮੀ ਮਹਿਸੂਸ ਹੋਵੇਗੀ। ਸਾਬਕਾ ਵਿਧਾਇਕ ਕਾਂਗਰਸੀ ਆਗੂ ਹਰਦਿਆਲ ਸਿੰਘ ਕੰਬੋਜ, ਆਗੂਆਂ ਨੇ ਕਿਹਾ ਕਿ ਲਾਲ ਸਿੰਘ ਇੱਕ ਅਜਿਹੇ ਆਗੂ ਸਨ, ਜਿਨ੍ਹਾਂ ਨੇ ਹਮੇਸ਼ਾ ਪਾਰਟੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ। ਖ਼ਾਸ ਕਰ ਕੇ ਮਾਲ ਵਿਭਾਗ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਸੁਧਾਰਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਭਾਜਪਾ ਦੇ ਸੀਨੀਅਰ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ਲਾਲ ਸਿੰਘ ਦੇ ਜਾਣ ਨਾਲ ਪੰਜਾਬ ਕਾਂਗਰਸ ਵਿੱਚ ਇੱਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਭਰਨਾ ਮੁਸ਼ਕਿਲ ਹੋਵੇਗਾ।