ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
Publish Date: Sat, 28 Mar 2026 06:46 PM (IST)
Updated Date: Sat, 28 Mar 2026 06:47 PM (IST)

ਨੇਤਾ ਜੀ ਕਹਿੰਦੇ ਰਾਜਨੀਤੀ ਨਹੀਂ ਕਰਨੀ ਮੌਕਾ ਸੀ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਦਾ। ਚਾਚਾ ਚੌਰੇ ਵਾਲਾ ਤੇ ਭੌਰਾ ਭਤੀਜ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਪ੍ਰਣਾਮ ਕਰਨ ਚਲੇ ਗਏ। ਉੱਥੇ ਭਗਤ ਸਿੰਘ ਸਟਾਇਲ ਪੱਗ ਬੰਨੀ ਇੱਕ ਬੰਦਾ ਉੱਚੀ-ਉੱਚੀ ਬੋਲ ਰਿਹਾ ਸੀ “ਇੱਥੇ ਆਕੇ ਰਾਜਨੀਤੀ ਨਹੀਂ ਕਰਨੀ। ਜਿਸਨੇ ਰਾਜਨੀਤੀ ਕਰਨੀ ਹੈ ਚਾਰਦੀਵਾਰੀ ਤੋਂ ਬਾਹਰ ਚਲੇ ਜਾਓ”। ਭੌਰਾ ਭਤੀਜ ਉਸ ਆਦਮੀ ਤੋਂ ਪ੍ਰਭਾਵਿਤ ਹੋਕੇ ਚਾਚੇ ਨੂੰ ਕਹਿੰਦਾ “ਇਹ ਬੰਦਾ ਮੈਂਨੂੰ ਭਗਤ ਸਿੰਘ ਦਾ ਅਸਲ ਵਾਰਸ ਲੱਗਦਾ। ਕੌਣ ਹੈ ਇਹ ਭਲਾਮਾਨਸ?” ਚਾਚਾ ਪਹਿਲਾਂ ਤਾਂ ਮੰਦ-ਮੰਦ ਮੁਸਕੁਰਾਇਆ। ਫਿਰ ਭਤੀਜ ਨੂੰ ਜਵਾਬ ਦਿੱਤਾ “ਬਹੁਤ ਸਾਲ ਪਹਿਲਾਂ ਇਸਨੇ ਆਪਣੀ ਇੱਕ ਪਾਰਟੀ ਬਣਾਈ ਸੀ। ਐਮਐਲਏ ਚੋਣ ਵੀ ਲੜੀ ਸੀ, ਪਰ ਜ਼ਮਾਨਤ ਜਬਤ ਹੋ ਗਈ। ਫਿਰ ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਬਦਲਾਅ ਵਾਲੀ ਪਾਰਟੀ ਜੁਆਇਨ ਕਰ ਲਈ, ਪਰ ਟਿਕਟ ਐਮਐਲਏ ਦੀ ਨਹੀਂ ਐਮਸੀ ਦੀ ਮਿਲੀ। ਵੱਡਾ ਦਿਲ ਕਰਕੇ ਸੋਚਿਆ ਕਿ ਐਮਐਲਏ ਨਾ ਸਹੀ ਮੇਅਰ ਹੀ ਸਹੀ। ਪਰ ਐਮਸੀ ਚੋਣ ਵੀ ਹਾਰ ਗਏ। ਅਖੀਰ ਪਾਰਟੀ ਨੇ ਇੱਕ ਮਲਾਈਦਾਰ ਚੇਅਰਮੈਨੀ ਦੇਕੇ ਉਨ੍ਹਾਂ ਦੇ ਜਖ਼ਮਾਂ ਤੇ ਮਲ੍ਹਮ ਲਗਾਈ।” ਚਾਚੇ ਦੀ ਗੱਲਾਂ ਸੁਣ ਭੌਰੇ ਭਤੀਜ ਨੂੰ ਸਮਝ ਨਾ ਆਵੇ ਕਿ ਉਹ ਆਪਣਾ ਪਹਿਲਾਂ ਵਾਲਾ ਬਿਆਨ ਵਾਪਸ ਲਵੇ ਜਾਂ ਚਾਚੇ ਨੂੰ ਕਹਿ ਦੇਵੇ ਕਿ “ਚਾਚਾ ਤੂੰ ਵੀ ਰਾਜਨੀਤੀ ਕਰ ਰਿਹਾ ਹੈਂ, ਚਾਰਦੀਵਾਰੀ ਤੋਂ ਬਾਹਰ ਚਲਿਆ ਜਾ”। ਗੁਰੂਦਕਸ਼ਣਾ ’ਚ ਵੋਟ ਯੂਨੀਵਰਸਿਟੀ ਅਧਿਆਪਕਾਂ ਦੀ ਚੋਣਾਂ ਵਿੱਚ ਐਂਤਕੀਂ ਦੋਹਾਂ ਧਿਰਾਂ ਦਾ ਪੂਰਾ ਜ਼ੋਰ ਲੱਗਿਆ। ਇੱਕ ਧਿਰ ਲਈ ਤਾਂ ਜਮਾਂ ‘ਡੂ ਔਰ ਡਾਈ’ ਵਾਲਾ ਕੰਮ ਹੋਇਆ ਪਿਆ ਸੀ। ਇਸ ਧਿਰ ਨੇ ਹਾਕੀ ਦੀ ਖੇਡ ਵਾਂਗ ‘ਮੈਨ ਟੂ ਮੈਨ’ ਮਾਰਕਿੰਗ ਕੀਤੀ। ਆਪਣੇ ਗਰੁੱਪ ਦੇ ਰਿਟਾਇਰਡ ਪ੍ਰੋਫੈਸਰ ਵੀ ਕੰਮ ’ਤੇ ਲਾਏ। ਇਹ ਰਿਟਾਇਰਡ ਪ੍ਰੋਫੈਸਰ ਉਹ ਸਨ, ਜਿਨ੍ਹਾਂ ਦੇ ਵਿਦਿਆਰਥੀ ਹੁਣ ਯੂਨੀਵਰਸਿਟੀ ’ਚ ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਸਾਬਕਾ ਪ੍ਰੋਫੈਸਰਾਂ ਨੇ ਆਪਣੇ ਉਨ੍ਹਾਂ ਵਿਦਿਆਰਥੀਆਂ ਦੇ ਘਰ ਗੇੜਾ ਬੰਨੀ ਰੱਖਿਆ, ਜਿਹੜੇ ਵਿਰੋਧੀ ਧਿਰ ਦੇ ਸਮਰਥਕ ਸਨ। ਗੁਰੂਦਕਸ਼ਣਾ ਦੇ ਤੌਰ ’ਤੇ ਆਪਣੇ ਗਰੁੱਪ ਲਈ ਵੋਟ ਮੰਗੇ। ਅਖੀਰ ਗੁਰੂਆਂ ਦੀ ਘਾਲਣਾ ਕੰਮ ਕਰ ਗਈ। ਸਭ ਨੇ ਵੋਟ ਤਾਂ ਇੱਕ ਨੂੰ ਪਈ, ਪਰ ਕੁਝ ਨੇ ਵਫਾਦਾਰੀ ਦੋ ਪਾਸੇ ਨਿਭਾਈ। ਗੁਰੂਆਂ ਲਈ ਨਿਜ ਦਾ ‘ਤਿਆਗ’ ਕਰਦੇ ਹੋਏ ਆਖਾ ਨਹੀਂ ਮੋੜਿਆ ਤੇ ਇੱਕ ਪਾਸੇ ਰਹਿੰਦੇ ਹੋਏ ਦੂਜੇ ਪਾਸੇ ਵੋਟ ਪਾ ਆਏ। ਖਾਕੀ ਤੋਂ ਖਾਦੀ ਤੱਕ ਵਾਇਆ ਪਰੌਂਠੇ..! ਸ਼ਹਿਰ ਦੀ ਸਿਆਸਤ ਵਿੱਚ ਇੱਕ ਨਵਾਂ ਚਿਹਰਾ ਚਰਚਾ ‘ਚ ਹੈ। ਖਾਕੀ ਵਿੱਚ ਸਾਲਾਂ ਗੁਜ਼ਾਰਨ ਵਾਲੇ ਸਾਬ ਜੀ ਹੁਣ ਖਾਦੀ ਪਹਿਨ ਕੇ ਲੋਕਾਂ ਦੇ ਦਰ ‘ਤੇ ਪਹੁੰਚ ਰਹੇ ਨੇ। ਮਨ ਵਿੱਚ ਇੱਕੋ ਸੁਪਨਾ “ਟਿਕਟ ਮਿਲ ਜਾਵੇ ਤੇ ਐਮਐਲਏ ਬਣ ਜਾਈਏ”। ਪਰ ਮੁਸ਼ਕਲ ਇਹ ਹੈ ਕਿ ਪਾਰਟੀ ਦਾ ਕੋਈ ਛੋਟਾ-ਵੱਡਾ ਲੀਡਰ ਨਾਲ ਤੁਰਨ ਨੂੰ ਤਿਆਰ ਨਹੀਂ। ਸੋ ਸਾਬ ਜੀ ਨੇ ਆਪਣੇ ਚਾਰ-ਪੰਜ ਵਫ਼ਾਦਾਰ ਸਾਥੀਆਂ ਨਾਲ ਸਮਾਜਿਕ ਸਮਾਗਮਾਂ ’ਚ ਹਾਜ਼ਰੀ ਲਵਾਉਂਦੇ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਸਾਬ ਜੀ ਨੂੰ ਪਤਾ ਨਹੀਂ ਕੀ ਸੁੱਝੀ। ਪਰੌਂਠੇ ਵਾਲਿਆਂ ਦੀ ਸਮੱਸਿਆਵਾਂ ਸੁਨਣ ਤੋਂ ਬਾਅਦ ਉਨ੍ਹਾਂ ਦੀ ਦੁਕਾਨ ’ਚ ਵੜ ਪਰੌਂਠੇ ਵੇਲਣ ਲੱਗ ਪਏ। ਪਰੌਂਠੇ ਤਾਂ ਪਤਾ ਨਹੀਂ ਕਿਹੋ ਜਿਹੇ ਬਣੇ, ਪਰ ਪਰੌਂਠੇ ਬਣਾਉਂਦਿਆਂ ਦੀ ਫੋਟੋਆਂ ਦਾ ਲੋਕਾਂ ਨੇ ਪੂਰਾ ਸੁਆਦ ਲਿਆ। ਚਰਚਾ ਚੱਲ ਪਈ ਕਿ “ਟਿਕਟ ਲੈਣ ਲਈ ਪਾਪੜ ਹੀ ਨਹੀਂ, ਪਰੌਂਠੇ ਵੀ ਵੇਲਣੇ ਪੈ ਜਾਂਦੇ ਹਨ”। ਚਾਚੇ ਚੌਰੇ ਵਾਲੇ ਨੇ ਇਸ ਮਾਮਲੇ ’ਤੇ ਆਪਣੀ ਮਾਹਿਰ ਟਿੱਪਣੀ ਕਰਦਿਆਂ ਕਿਹਾ “ਸਾਬ ਜੀ, ਇੱਕ ਸਾਬਕਾ ਮੁੱਖ ਮੰਤਰੀ ਤੋਂ ਪ੍ਰੇਰਿਤ ਲੱਗਦੇ ਨੇ, ਜਿਹੜਾ ਕਹਿੰਦਾ ਹੁੰਦਾ ਸੀ, ਮੈਂ ਆਹ ਵੀ ਕਰ ਲੈਨਾ, ਉਹ ਵੀ ਕਰ ਲੈਨਾ। ਸੰਭਵ ਹੈ ਕਿ ਭਵਿੱਖ ਵਿੱਚ ਸਾਬ ਜੀ ਕਹਿਣ, ਮੈਂ ਕੇਵਲ ਬੰਦੇ ਹੀ ਨਹੀਂ ਸੇਕਣੇ ਜਾਣਦਾ, ਪਰਾਂਠੇ ਵੀ ਸੇਕ ਲੈਨਾ ਹਾਂ”। ਪੇਸ਼ਕਸ਼ : ਨਵਦੀਪ ਢੀਂਗਰਾ।