ਨਸ਼ਾ ਨਾ ਮਿਲਣ 'ਤੇ ਪੁੱਤ ਨੇ ਫੂਕਿਆ ਆਪਣਾ ਘਰ
ਨਸ਼ਾ ਨਾ ਮਿਲਣ 'ਤੇ ਨਸ਼ੇੜੀ ਪੁੱਤ ਨੇ ਫੂਕਿਆ ਆਪਣਾ ਹੀ ਘਰ
Publish Date: Tue, 24 Mar 2026 06:22 PM (IST)
Updated Date: Wed, 25 Mar 2026 04:05 AM (IST)

* ਜਾਨ ਬਚਾਉਣ ਲਈ ਮਾਪਿਆਂ ਨੇ ਰਿਸ਼ਤੇਦਾਰਾਂ ਕੋਲ ਲਈ ਸ਼ਰਨ ਫੋਟੋ : 24ਪੀਟੀਐਲ : 15 ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਘਨੌਰ ਅਧੀਨ ਪੈਂਦੇ ਪਿੰਡ ਰੂੜਕਾ ’ਚ ਇਕ ਨਸ਼ੇੜੀ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਪੈਸੇ ਨਾ ਮਿਲਣ ਕਾਰਨ ਗੁੱਸੇ ’ਚ ਆ ਕੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ। ਹਾਲਾਤ ਇੰਨੇ ਖ਼ੌਫ਼ਨਾਕ ਹੋ ਗਏ ਕਿ ਨੌਜਵਾਨ ਦੀ ਕੁੱਟਮਾਰ ਤੇ ਉਸ ਦੇ ਤੈਸ਼ ਤੋਂ ਡਰਦਿਆਂ ਬਜ਼ੁਰਗ ਮਾਪਿਆਂ ਨੂੰ ਆਪਣੀ ਜਾਨ ਬਚਾਉਣ ਲਈ ਪਿੰਡ ਛੱਡ ਕੇ ਇਕ ਰਿਸ਼ਤੇਦਾਰ ਦੇ ਘਰ ਲੁਕਣ ਲਈ ਮਜਬੂਰ ਹੋਣਾ ਪਿਆ। ਡੀਐੱਸਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਘਟਨਾ ਬਾਰੇ ਪਤਾ ਲੱਗਣ ’ਤੇ ਅੱਗ ਲਗਾਉਣ ਵਾਲੇ ਨੂੰ ਹਿਰਾਸਤ ’ਚ ਲਿਆ ਹੈ ਤੇ ਸ਼ਿਕਾਇਤ ਦੇ ਆਧਾਰ ’ਤੇ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਰੂੜਕਾ ਵਾਸੀ ਗੁਰਮੇਲ ਸਿੰਘ ਦਾ 25 ਸਾਲਾ ਪੁੱਤਰ ਦਵਿੰਦਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਹੈ। ਪਰਿਵਾਰ ਨੇ ਦੱਸਿਆ ਕਿ ਦਵਿੰਦਰ ਨਸ਼ੇ ਲਈ ਪੈਸੇ ਇਕੱਠੇ ਕਰਨ ਵਾਸਤੇ ਘਰ ਦਾ ਸਾਮਾਨ ਤੱਕ ਵੇਚ ਚੁੱਕਾ ਹੈ। ਦੋ ਦਿਨ ਪਹਿਲਾਂ ਰਾਤ ਵੇਲੇ ਦਵਿੰਦਰ ਨੇ ਆਪਣੇ ਪਿਤਾ ਤੋਂ ਨਸ਼ੇ ਲਈ ਪੈਸਿਆਂ ਦੀ ਮੰਗ ਕੀਤੀ। ਜਦੋਂ ਮਾਪਿਆਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਪਹਿਲਾਂ ਆਪਣੇ ਪਿਤਾ ਤੇ ਪਰਿਵਾਰਕ ਮੈਂਬਰਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਦੋਂ ਕੁੱਟਮਾਰ ਦੇ ਬਾਵਜੂਦ ਉਸ ਦੀ ਪੈਸਿਆਂ ਦੀ ਮੰਗ ਪੂਰੀ ਨਾ ਹੋਈ ਤਾਂ ਉਸ ਨੇ ਤੈਸ਼ ਵਿਚ ਆ ਕੇ ਘਰ ਅੰਦਰ ਪਏ ਸਾਮਾਨ ਨੂੰ ਅੱਗ ਲਗਾ ਦਿੱਤੀ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ, ਜਿਸ ਕਾਰਨ ਘਰ ਦਾ ਵੱਡਾ ਹਿੱਸਾ ਤੇ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਆਪਣੇ ਘਰ ਜਾਣ ਤੋਂ ਹੀ ਡਰ ਰਹੇ ਮਾਪੇ ਪੀੜਤ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਪੁਲਿਸ ਕੋਲ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ, ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ‘‘ਸਾਡਾ ਪੁੱਤਰ ਹੀ ਸਾਡੀ ਜਾਨ ਦਾ ਦੁਸ਼ਮਣ ਬਣ ਗਿਆ ਹੈ। ਅਸੀਂ ਆਪਣੇ ਘਰ ਜਾਣ ਤੋਂ ਡਰ ਰਹੇ ਹਾਂ ਕਿਉਂਕਿ ਸਾਨੂੰ ਖ਼ਤਰਾ ਹੈ ਕਿ ਉਹ ਮੁੜ ਹਮਲਾ ਕਰ ਸਕਦਾ ਹੈ।’’ ਫਿਲਹਾਲ ਪਰਿਵਾਰ ਰਿਸ਼ਤੇਦਾਰਾਂ ਦੇ ਘਰ ਦਿਨ ਕੱਟ ਰਿਹਾ ਹੈ ਅਤੇ ਪੁਲਿਸ ਦੀ ਕਾਰਵਾਈ ਦੀ ਉਡੀਕ ਕਰ ਰਿਹਾ ਹੈ। ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਪਰਿਵਾਰ ਇਸ ਤਰ੍ਹਾਂ ਬਰਬਾਦ ਹੋਣ ਤੋਂ ਬਚ ਸਕਣ।