‘ਆਪ’ ਜ਼ਿਲ੍ਹਾ ਪ੍ਰਧਾਨ ਦੇ ਘਰ ਦੇ ਬਾਹਰ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ
‘ਆਪ’ ਜਿਲ੍ਹਾ ਪ੍ਰਧਾਨ ਦੇ ਘਰ ਦੇ ਬਾਹਰ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Sat, 21 Mar 2026 06:50 PM (IST)
Updated Date: Sat, 21 Mar 2026 06:52 PM (IST)

- ‘ਆਪ’ ਜ਼ਿਲ੍ਹਾ ਪ੍ਰਧਾਨ ਦੇ ਘਰ ਦੇ ਬਾਹਰ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਅਤੇ ਹੋਰ ਸੀਨੀਅਰ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਪੰਜਾਬ ਦੀਆਂ ਔਰਤਾਂ ਦੇ ਖਾਤੇ ਵਿੱਚ ਇੱਕ ਰੁਪਏ ਵੀ ਨਹੀਂ ਆਇਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਿਛਲੇ ਚਾਰ ਸਾਲਾਂ ਦਾ ਬਣਦਾ 48 ਹਜ਼ਾਰ ਰੁਪਏ ਬਕਾਇਆ ਤੁਰੰਤ ਔਰਤਾਂ ਨੂੰ ਅਦਾ ਕਰੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਹ ਰਾਸ਼ੀ ਨਹੀਂ ਮਿਲਦੀ, ਕਾਂਗਰਸ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਪੰਜਾਬ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ, ਕਾਨੂੰਨ ਵਿਵਸਥਾ ਦੀ ਹਾਲਤ ਮਾੜੀ ਹੈ, ਦਿਨ-ਦਿਹਾੜੇ ਕਤਲ ਹੋ ਰਹੇ ਹਨ ਅਤੇ ਵਪਾਰੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰ ਵਰਗ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਆਗੂਆਂ ਨੇ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਕੇ ਪੰਜਾਬ ਵਿੱਚ ਮੁੜ ਸਰਕਾਰ ਬਣਾਏਗੀ। ਇਸ ਰੋਸ ਪ੍ਰਦਰਸ਼ਨ ਵਿੱਚ ਰਕੇਸ਼ ਕੁਮਾਰ, ਕਰਮਜੀਤ ਲਚਕਾਣੀ, ਰਾਜੇਸ਼ ਬੱਗਨ, ਪਰਦੀਪ ਸਿੰਘ ਮਾਨ, ਕਮਲਜੀਤ ਸਿੰਘ ਸਹਿਗਲ, ਰਾਜੇਸ਼ ਮੰਡੋਰਾ, ਰਾਜੇਸ਼ ਸ਼ਰਮਾ ਰਾਜੂ, ਰੇਖਾ ਅਗਰਵਾਲ, ਗੋਪਾਲ ਸਿੰਗਲਾ, ਮਾਸਟਰ ਨਿਰੰਜਨ ਦਾਸ, ਮਦਨ ਲਾਲ ਭਾਂਬਰੀ, ਐਡਵੋਕੇਟ ਵਰਿੰਦਰ ਦੀਵਾਨ, ਮਹਿੰਦਰ ਸਿੰਘ ਬਡੁੰਗਰ, ਗੌਤਮ ਸਲੂਜਾ (ਮੀਡੀਆ ਇੰਚਾਰਜ) ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ। - ਕਾਂਗਰਸ ਪਾਰਟੀ ਦਾ ਧਰਨਾ ਸਿਫਰ ਸਿਆਸੀ ਨਾਟਕ : ਮਹਿਤਾ ‘ਆਪ’ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦਾ ਕਹਿਣਾ ਹੈ ਕਿ ਮੇਰੇ ਘਰ ਦੇ ਬਾਹਰ ਕਾਂਗਰਸ ਪਾਰਟੀ ਵੱਲੋਂ ਲਗਾਇਆ ਗਿਆ ਧਰਨਾ ਸਿਰਫ਼ ਸਿਆਸੀ ਨਾਟਕ ਅਤੇ ਲੋਕਾਂ ਨੂੰ ਭਰਮਿਤ ਕਰਨ ਦੀ ਕੋਸ਼ਿਸ਼ ਹੈ। ਜਿਹੜੀ ਕਾਂਗਰਸ ਪਾਰਟੀ ਨੇ ਸਾਲਾਂ ਤੱਕ ਪੰਜਾਬ ਦੀਆਂ ਮਹਿਲਾਵਾਂ ਨੂੰ ਸਿਰਫ਼ ਵਾਅਦੇ ਹੀ ਕੀਤੇ, ਅੱਜ ਉਹੀ ਲੋਕ ਝੂਠੇ ਮਸਲੇ ਖੜੇ ਕਰਕੇ ਸਸਤੀ ਰਾਜਨੀਤੀ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣਾ ਹਰ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਘੋਸ਼ਣਾ ਕਰਕੇ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਅਤੇ ਲੋੜੀਂਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਗਲੇ ਵਿੱਤੀ ਸਾਲ ਤੋਂ ਮਹਿਲਾਵਾਂ ਦੇ ਖਾਤਿਆਂ ਵਿੱਚ ਹਰ ਮਹੀਨੇ ਰਕਮ ਜਮ੍ਹਾਂ ਹੋਣੀ ਸ਼ੁਰੂ ਹੋ ਜਾਵੇਗੀ। ਕਾਂਗਰਸ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਬੇਬੁਨਿਆਦ ਧਰਨੇ ਲਗਾਉਣ ਦੀ ਬਜਾਏ ਪਹਿਲਾਂ ਆਪਣੇ ਰਾਜ ਦੌਰਾਨ ਕੀਤੀਆਂ ਨਾਕਾਮੀਆਂ ਦਾ ਹਿਸਾਬ ਦੇਣ। ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਉਹਨਾਂ ਨੂੰ ਪਤਾ ਹੈ ਕਿ ਕੌਣ ਕੰਮ ਕਰ ਰਿਹਾ ਹੈ ਅਤੇ ਕੌਣ ਸਿਰਫ਼ ਨਾਟਕ ਕਰ ਰਿਹਾ ਹੈ। ਉਹ ਕਾਂਗਰਸ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਜ਼ਮੀਨ ’ਤੇ ਲੈ ਕੇ ਆਏਗੀ। ਅਜਿਹੇ ਧਰਨਿਆਂ ਅਤੇ ਡਰਾਮਿਆਂ ਨਾਲ ਨਾ ਤਾਂ ਸੱਚਾਈ ਬਦਲੇਗੀ ਅਤੇ ਨਾ ਹੀ ਸਰਕਾਰ ਦੇ ਕੰਮ ਰੁਕਣਗੇ।