ਹੁਣ ਰਾਤ ਨੂੰ ਮਸ਼ੀਨਾਂ ਨਾਲ ਹੋਵੇਗੀ ਪਟਿਆਲਾ ਦੀ ਸਫ਼ਾਈ
ਹੁਣ ਰਾਤ ਨੂੰ ਮਸ਼ੀਨਾਂ ਨਾਲ ਹੋਵੇਗੀ ਪਟਿਆਲਾ ਦੀ ਸਫਾਈ
Publish Date: Sat, 21 Mar 2026 06:13 PM (IST)
Updated Date: Sat, 21 Mar 2026 06:16 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਦੀ ਸੂਚੀ ਵਿੱਚ ਮੋਹਰੀ ਸਥਾਨ ਦਿਵਾਉਣ ਲਈ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਵੱਲੋਂ ਸਫ਼ਾਈ ਵਿਵਸਥਾ ਨੂੰ ਲੈ ਕੇ ਇੱਕ ਨਵੀਂ ਪਿਰਤ ਪਾਈ ਗਈ ਹੈ। ਸ਼ਹਿਰ ਵਾਸੀਆਂ ਨੂੰ ਸਵੇਰੇ ਉੱਠਦਿਆਂ ਹੀ ਸਾਫ਼-ਸੁਥਰੀਆਂ ਸੜਕਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹੁਣ ਰਾਤ ਦੇ ਸਮੇਂ ਵੀ ਸਵੀਪਿੰਗ ਮਸ਼ੀਨਾਂ ਰਾਹੀਂ ਸਫ਼ਾਈ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਇਸ ਬਾਬਤ ਸ਼ਹਿਰ ਦੇ ਮੁੱਖ ਬਾਜ਼ਾਰ ਸਰਹੰਦੀ ਗੇਟ ਵਿਖੇ ਚੱਲ ਰਹੀ ਸਫਾਈ ਦਾ ਮੁਆਇਨਾ ਕਰਨ ਵਿਸ਼ੇਸ਼ ਤੌਰ ’ਤੇ ਪਹੁੰਚੇ ਮੇਅਰ ਨੇ ਕਿਹਾ ਕਿ ਦਿਨ ਵੇਲੇ ਸ਼ਹਿਰ ਦੀਆਂ ਸੜਕਾਂ ’ਤੇ ਭਾਰੀ ਟ੍ਰੈਫਿਕ ਰਹਿੰਦਾ ਹੈ, ਜਿਸ ਕਾਰਨ ਮਸ਼ੀਨਾਂ ਰਾਹੀਂ ਸਫ਼ਾਈ ਕਰਨਾ ਚੁਣੌਤੀਪੂਰਨ ਹੁੰਦਾ ਹੈ। ਇਸ ਸਮੱਸਿਆ ਦੇ ਹੱਲ ਲਈ ਮੇਅਰ ਨੇ ਦਿਨ ਦੇ ਨਾਲ ਨਾਲ ਰਾਤ ਨੂੰ ਵੀ ਸ਼ਿਫਟ ਵਿੱਚ ਸਫ਼ਾਈ ਕਰਵਾਉਣ ਦਾ ਫੈਸਲਾ ਲਿਆ ਹੈ। ਰਾਤ ਵੇਲੇ ਸੜਕਾਂ ਖਾਲੀ ਹੋਣ ਕਾਰਨ ਇਹ ਹਾਈ-ਟੈਕ ਮਸ਼ੀਨਾਂ ਬਿਨਾਂ ਕਿਸੇ ਰੁਕਾਵਟ ਦੇ ਸੜਕਾਂ ਦੇ ਕਿਨਾਰਿਆਂ ਤੋਂ ਧੂੜ ਅਤੇ ਕੂੜਾ ਚੁੱਕਣ ਵਿੱਚ ਵਧੇਰੇ ਕਾਰਗਰ ਸਾਬਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਤ੍ਰਿਪੜੀ, ਬਾਰਾਦਰੀ ਅਤੇ ਮਾਡਲ ਟਾਊਨ ਵਿੱਚ ਇਹ ਸਫ਼ਾਈ ਮੁਹਿੰਮ ਸ਼ੁਰੂ ਕਰਨ ਮਗਰੋਂ ਹੁਣ ਸ਼ਹਿਰ ਦੇ ਹਰ ਹਿੱਸੇ ਵਿੱਚ ਪੜਾਅ ਦਰ ਪੜਾਅ ਸਫ਼ਾਈ ਦਾ ਵਿਸ਼ੇਸ਼ ਕੰਮ ਜਾਰੀ ਹੈ, ਜਿੱਥੇ ਇਹ ਮਸ਼ੀਨਾਂ ਰਾਤ ਭਰ ਕੰਮ ਕਰ ਰਹੀਆਂ ਹਨ। ਮੇਅਰ ਕੁੰਦਨ ਗੋਗੀਆ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਅੰਦਰੂਨੀ ਅਤੇ ਭੀੜ-ਭੜੱਕੇ ਵਾਲੇ ਹਿੱਸੇ, ਜਿੱਥੇ ਮੈਨੂਅਲ ਸਫ਼ਾਈ ਕਰਨਾ ਔਖਾ ਸੀ, ਉੱਥੇ ਹੁਣ ਇਨ੍ਹਾਂ ਮਸ਼ੀਨਾਂ ਰਾਹੀਂ ਚੰਗੀ ਸਫ਼ਾਈ ਯਕੀਨੀ ਬਣਾਈ ਜਾ ਰਹੀ ਹੈ। ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਰਾਤ ਦੀ ਮੁਹਿੰਮ ਦੀ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਖ਼ੁਦ ਨਗਰ ਨਿਗਮ ਦੀ ਟੀਮ ਮੈਦਾਨ ਵਿੱਚ ਡਟੀ ਹੋਈ ਹੈ। ਕਮਿਸ਼ਨਰ ਅਨੁਸਾਰ ਇਨ੍ਹਾਂ ਮਸ਼ੀਨਾਂ ਦੀ ਲੋਕੇਸ਼ਨ ਅਤੇ ਕੰਮ ਦੀ ਪ੍ਰਗਤੀ ਦੀ ਡਿਜੀਟਲ ਮਨੀਟਰਿੰਗ ਕੀਤੀ ਜਾ ਰਹੀ ਹੈ। ਅਧਿਕਾਰੀ ਅਤੇ ਕੌਂਸਲਰ ਰਾਤ ਦੇ ਸਮੇਂ ਵੀ ਕੰਮ ਦਾ ਨਿਰੀਖਣ ਕਰ ਰਹੇ ਹਨ ਤਾਂ ਜੋ ਕਿਸੇ ਵੀ ਪੱਧਰ ’ਤੇ ਲਾਪ੍ਰਵਾਹੀ ਨਾ ਹੋਵੇ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਅਸੀਂ ਪਟਿਆਲਾ ਨੂੰ ਕੂੜਾ-ਮੁਕਤ ਅਤੇ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹਾਂ। ਰਾਤ ਦੇ ਸਮੇਂ ਸਫ਼ਾਈ ਹੋਣ ਨਾਲ ਸਵੇਰੇ ਸੈਰ ਕਰਨ ਵਾਲੇ ਲੋਕਾਂ ਨੂੰ ਸਾਫ਼ ਹਵਾ ਅਤੇ ਸੜਕਾਂ ਮਿਲ ਰਹੀਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਤੇ ਕੂੜਾ ਨਾ ਸੁੱਟਣ ਅਤੇ ਨਿਗਮ ਦੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ।