ਵਿਆਹ ਦਾ ਝਾਂਸਾ ਦੇ ਕੇ ਕੀਤਾ ਸਰੀਰਕ ਸ਼ੋਸ਼ਣ, ਪੀੜਤਾ ਨੇ ਨਿਗਲਿਆ ਜ਼ਹਿਰ
ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ, ਪੀੜਤਾ ਨਿਗਲੀ ਜ਼ਹਿਰ
Publish Date: Sat, 21 Mar 2026 05:56 PM (IST)
Updated Date: Sat, 21 Mar 2026 05:58 PM (IST)

- ਪਿਓ-ਪੁੱਤ ਬੇਹੋਸ਼ੀ ਦੀ ਹਾਲਤ ’ਚ ਪਟਿਆਲਾ ਛੱਡ ਕੇ ਹੋਏ ਫ਼ਰਾਰ - ਪਿਓ-ਪੁੱਤ ਖ਼ਿਲਾਫ਼ ਪਰਚਾ ਦਰਜ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ, ਖੁਦਕੁਸ਼ੀ ਲਈ ਮਜਬੂਰ ਕਰਨ ਅਤੇ ਪੀੜਤਾ ਨੂੰ ਲਾਵਾਰਿਸ ਹਾਲਤ ਵਿੱਚ ਛੱਡਣ ਦੇ ਦੋਸ਼ ਹੇਠ ਸਿਰਸਾ ਦੇ ਪਨੀਹਾਰੀ ਵਾਸੀ ਪਵਨ ਕੁਮਾਰ ਅਤੇ ਉਸ ਦੇ ਪਿਤਾ ਬਲਵੀਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪੀੜਤਾ ਦੀ ਜਾਣ-ਪਛਾਣ ਪਵਨ ਕੁਮਾਰ ਨਾਲ ਇੱਕ ਵਿਆਹ ਸਮਾਗਮ ਦੌਰਾਨ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਵਿੱਚ ਫ਼ੋਨ ਤੇ ਗੱਲਬਾਤ ਸ਼ੁਰੂ ਹੋ ਗਈ। ਦੋਸ਼ ਹੈ ਕਿ 9 ਦਸੰਬਰ ਨੂੰ ਪਵਨ ਕੁਮਾਰ ਪੀੜਤਾ ਨੂੰ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਜਦੋਂ ਪੀੜਤਾ ਦੇ ਪਰਿਵਾਰ ਨੇ 10 ਮਾਰਚ ਨੂੰ ਉਸ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ, ਤਾਂ ਪਵਨ ਦੇ ਕਹਿਣ ਤੇ ਉਹ ਘਰੋਂ ਭੱਜ ਗਈ। ਪੀੜਤਾ 26 ਫਰਵਰੀ ਨੂੰ ਸਿਰਸਾ ਵਿਖੇ ਦੋਸ਼ੀ ਨੂੰ ਮਿਲੀ ਅਤੇ ਉਹ 28 ਫਰਵਰੀ ਨੂੰ ਉੱਥੋਂ ਦੇ ਇੱਕ ਹੋਟਲ ਵਿੱਚ ਰੁਕੇ। ਵਿਆਹ ਤੋਂ ਇਨਕਾਰ ਤੇ ਖੁਦਕੁਸ਼ੀ ਦੀ ਕੋਸ਼ਿਸ਼ : ਹੋਟਲ ਵਿੱਚ ਰੁਕਣ ਤੋਂ ਬਾਅਦ ਜਦੋਂ ਪੀੜਤਾ ਨੇ ਵਿਆਹ ਦੀ ਗੱਲ ਕੀਤੀ, ਤਾਂ ਪਵਨ ਕੁਮਾਰ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਵਾਪਸ ਆਪਣੇ ਘਰ ਜਾਣ ਲਈ ਕਿਹਾ। ਇਸ ਤੋਂ ਦੁਖੀ ਹੋ ਕੇ ਪੀੜਤਾ ਨੇ ਦੋਸ਼ੀ ਦੇ ਸਾਹਮਣੇ ਹੀ ਚੂਹੇ ਮਾਰ ਦਵਾਈ ਨਿਗਲ ਲਈ। ਹਾਲਤ ਵਿਗੜਨ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹੱਦ ਉਦੋਂ ਹੋ ਗਈ ਜਦੋਂ ਪਵਨ ਕੁਮਾਰ ਅਤੇ ਉਸ ਦਾ ਪਿਤਾ ਬਲਵੀਰ ਸਿੰਘ, ਪੀੜਤਾ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਬੇਹੋਸ਼ੀ ਦੀ ਹਾਲਤ ਵਿੱਚ ਹੀ ਪਟਿਆਲਾ ਦੇ ਇੱਕ ਪੀਜੀ ਵਿੱਚ ਛੱਡ ਕੇ ਫ਼ਰਾਰ ਹੋ ਗਏ। ਜਾਣ ਤੋਂ ਪਹਿਲਾਂ ਮੁਲਜ਼ਮ ਪਵਨ ਕੁਮਾਰ ਨੇ ਆਪਣਾ ਮੋਬਾਈਲ ਫ਼ੋਨ ਵੀ ਬੰਦ ਕਰ ਲਿਆ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਪਵਨ ਕੁਮਾਰ ਅਤੇ ਬਲਵੀਰ ਸਿੰਘ ਖ਼ਿਲਾਫ਼ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।