ਗੈਸ ਸਿਲੰਡਰਾਂ ਦੀ ਸਪਲਾਈ ’ਚ ਵਿਤਕਰਾ : ਪੇਂਡੂ ਖੇਤਰਾਂ ਦੇ ਲੋਕ ਖ਼ਫ਼ਾ
ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਵਿਤਕਰਾ: ਪੇਂਡੂ ਖੇਤਰਾਂ ਦੇ ਲੋਕ ਖ਼ਫ਼ਾ
Publish Date: Sat, 21 Mar 2026 05:12 PM (IST)
Updated Date: Sat, 21 Mar 2026 05:16 PM (IST)

ਸੀਨੀਅਰ ਰਿਪੋਟਰ, ਪੰਜਾਬੀ ਜਾਗਰਣ, ਪਟਿਆਲਾ : ਅੱਜ ਦੇ ਦੌਰ ਵਿੱਚ ਰਸੋਈ ਗੈਸ ਸਿਲੰਡਰ ਹਰ ਘਰ ਦੀ ਮੁੱਢਲੀ ਲੋੜ ਬਣ ਚੁੱਕਾ ਹੈ, ਪਰ ਬਦਕਿਸਮਤੀ ਨਾਲ ਇਹ ਹੁਣ ਆਮ ਲੋਕਾਂ ਲਈ ਇੱਕ ਵੱਡੀ ਸਮੱਸਿਆ ਦਾ ਰੂਪ ਧਾਰਦਾ ਜਾ ਰਿਹਾ ਹੈ। ਖ਼ਾਸ ਕਰ ਕੇ ਦਿਹਾਤੀ ਇਲਾਕਿਆਂ ਵਿੱਚ ਰਸੋਈ ਗੈਸ ਦੀ ਸਪਲਾਈ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਜਿੱਥੇ ਸ਼ਹਿਰੀ ਖੇਤਰਾਂ ਵਿੱਚ ਪ੍ਰਸ਼ਾਸਨਿਕ ਚੌਕਸੀ ਕਾਰਨ ਸਪਲਾਈ ਕੁਝ ਹੱਦ ਤੱਕ ਸੁਚਾਰੂ ਹੈ, ਉੱਥੇ ਹੀ ਪੇਂਡੂ ਖੇਤਰਾਂ ਦੇ ਵਸਨੀਕਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ, ਤਾਂ ਪਿੰਡਾਂ ਦੇ ਲੋਕ ਤਿੱਖੇ ਸੰਘਰਸ਼ ਦੀ ਤਿਆਰੀ ਕਰ ਰਹੇ ਹਨ। ਦਿਹਾਤੀ ਇਲਾਕਿਆਂ ਦੇ ਵਸਨੀਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਸਰਕਾਰ ਅਤੇ ਸਬੰਧਿਤ ਵਿਭਾਗਾਂ ਵੱਲੋਂ ਸ਼ਹਿਰੀ ਅਤੇ ਪੇਂਡੂ ਖ਼ਪਤਕਾਰਾਂ ਲਈ ਵੱਖੋ-ਵੱਖਰੇ ਮਾਪਦੰਡ ਅਪਣਾਏ ਜਾ ਰਹੇ ਹਨ। ਪਿੰਡ ਵਾਸੀਆਂ ਅਨੁਸਾਰ ਸ਼ਹਿਰੀ ਇਲਾਕਿਆਂ ਵਿੱਚ ਉਪਭੋਗਤਾਵਾਂ ਲਈ ਦੋ ਸਿਲੰਡਰਾਂ ਦੇ ਵਿਚਕਾਰ 25 ਦਿਨ ਦਾ ਫਰਕ ਤੈਅ ਕੀਤਾ ਗਿਆ ਹੈ। ਦੂਜੇ ਪਾਸੇ ਪਿੰਡਾਂ ਦੇ ਲੋਕਾਂ ਲਈ ਇਹ ਵਕਫ਼ਾ ਵਧਾ ਕੇ 45 ਦਿਨ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਸਵਾਲ ਹੈ ਕਿ ਕੀ ਪਿੰਡਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਦੀਆਂ ਖਾਣ-ਪੀਣ ਦੀਆਂ ਲੋੜਾਂ ਸ਼ਹਿਰਾਂ ਨਾਲੋਂ ਘੱਟ ਹਨ। ਇਹ 20 ਦਿਨਾਂ ਦਾ ਵਾਧੂ ਵਕਫ਼ਾ ਸਿੱਧੇ ਤੌਰ ਤੇ ਪੇਂਡੂ ਭਾਈਚਾਰੇ ਨਾਲ ਵਿਤਕਰਾ ਹੈ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਸ਼ਹਿਰਾਂ ਵਿੱਚ ਸਪਲਾਈ ਜਾਂ ਕੀਮਤਾਂ ਨੂੰ ਲੈ ਕੇ ਕੋਈ ਸ਼ਿਕਾਇਤ ਹੁੰਦੀ ਹੈ, ਤਾਂ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚ ਕੇ ਸਮੱਸਿਆ ਦਾ ਹੱਲ ਕਰਦੇ ਹਨ। ਪਰ ਦਿਹਾਤੀ ਖੇਤਰਾਂ ਵਿੱਚ ਸਥਿਤੀ ਬਿਲਕੁਲ ਉਲਟ ਹੈ। ਪਿੰਡ ਜਾਹਲਾਂ ਵਾਸੀ ਰਤਨਜੀਤ ਸਿੰਘ ਦਾ ਕਹਿਣਾ ਹੈ ਕਿ ਸਾਡੀ ਕੋਈ ਸੁਣਵਾਈ ਕਰਨ ਵਾਲਾ ਨਹੀਂ ਹੈ। ਜੇਕਰ ਸਿਲੰਡਰ ਖਤਮ ਹੋ ਜਾਵੇ ਤਾਂ ਸਾਨੂੰ 45 ਦਿਨ ਪੂਰੇ ਹੋਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ, ਭਾਵੇਂ ਘਰ ਵਿੱਚ ਚੁੱਲ੍ਹਾ ਬਾਲਣ ਲਈ ਹੋਰ ਕੋਈ ਸਾਧਨ ਨਾ ਹੋਵੇ, ਦਫ਼ਤਰਾਂ ਦੇ ਗੇੜੇ ਮਾਰ ਕੇ ਅਸੀਂ ਥੱਕ ਚੁੱਕੇ ਹਾਂ। ਪਿੰਡ ਵਸਨੀਕਾਂ ਦੀ ਮੰਗ : ਪਿੰਡ ਵਾਸੀ ਗੁਰਸੇਵਕ ਸਿੰਘ, ਹਰਮੇਸ਼ ਸਿੰਘ, ਅਵਤਾਰ ਸਿੰਘ ਵਿੱਕੀ, ਚਾਨਣ ਰਾਮ ਆਦਿ ਦਾ ਕਹਿਣਾ ਹੈ ਕਿ ਇਸ ਲੰਬੇ ਵਕਫ਼ੇ ਕਾਰਨ ਪਿੰਡਾਂ ਵਿੱਚ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਵਧਣ ਦਾ ਖ਼ਦਸ਼ਾ ਵੀ ਪੈਦਾ ਹੋ ਗਿਆ ਹੈ। ਲੋਕਾਂ ਨੇ ਮੰਗ ਕੀਤੀ ਕਿ ਸਿਲੰਡਰਾਂ ਦੇ ਵਕਫ਼ੇ ਨੂੰ ਸ਼ਹਿਰਾਂ ਦੇ ਬਰਾਬਰ 25 ਦਿਨ ਕੀਤਾ ਜਾਵੇ। ਪਿੰਡਾਂ ਵਿੱਚ ਗੈਸ ਏਜੰਸੀਆਂ ਦੀ ਮਨਮਾਨੀ ਰੋਕਣ ਲਈ ਨਿਯਮਿਤ ਚੈਕਿੰਗ ਕੀਤੀ ਜਾਵੇ। ਸ਼ਿਕਾਇਤ ਨਿਵਾਰਨ ਲਈ ਪਿੰਡ ਪੱਧਰ ’ਤੇ ਕੋਈ ਹੈਲਪਲਾਈਨ ਜਾਂ ਅਧਿਕਾਰੀ ਤੈਅ ਕੀਤਾ ਜਾਵੇ।