- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ

ਸੁਪਨੇ ਸਜਾਉਣ ਦਾ ਦੌਰ ਸ਼ੁਰੂ
ਚੋਣਾਂ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਇਹ ਦਸਤਕ ਚੋਣ ਕਮਿਸ਼ਨ ਦੇ ਰਾਹੀਂ ਨਹੀਂ ਬਲਕਿ ਸੁਪਨਸਾਜ਼ਾਂ ਰਾਹੀਂ ਸੁਣਾਈ ਦਿੱਤੀ ਹੈ। ਹਲਕਾ ਸਨੌਰ ਵਿੱਚ ਫ਼ਨ ਕਰਨ ਵਾਲੇ ਨੇਤਾ ਜੀ ਨੇ ਫਿਰ ਤੋਂ ਬਾਗ਼ੀ ਸੁਰ ਦਿਖਾਉਂਦੇ ਟਿਕਟ ਲੈਣ ਦਾ ਦਾਅਵਾ ਠੋਕ ਦਿੱਤਾ ਹੈ। ਉਨ੍ਹਾਂ ਸਾਫ਼ ਕਹਿ ਦਿੱਤਾ ਹੈ ਕਿ ਹਲਕਾ ਇੰਚਾਰਜ ਆਪਣਾ ਕੰਮ ਕਰ ਰਹੇ ਹਨ, ਪਰ ਮੇਰੇ ਕੰਮ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ। ਕੁਝ ਚੁਗਲਚੰਦਾਂ ਦਾ ਕਹਿਣਾ ਹੈ ਕਿ ਨੇਤਾ ਜੀ, ਫੁੱਫੜ ਜੀ ਦੇ ਕਹਿਣੇ ਵਿੱਚ ਆਕੇ ਬਾਗੀ ਸੁਰਾਂ ਦਿਖਾ ਰਹੇ ਹਨ। ਦੂਜੇ ਪਾਸੇ ਲਾਲ ਹਵੇਲੀ ਵਾਲੇ ਨੇਤਾ ਜੀ ਕਹਿ ਰਹੇ ਹਨ ਕਿ ਪ੍ਰਧਾਨ ਜੀ ਨੇ ਸਮਾਣੇ ਤੋਂ ਉਮੀਦਵਾਰ ਘੋਸ਼ਿਤ ਕਰ ਦਿੱਤਾ ਹੈ, ਇਸ ਲਈ ਹੁਣ ਉਨ੍ਹਾਂ ਕੋਲ ਪਟਿਆਲਾ ਸ਼ਹਿਰੀ ਤੋਂ ਇਲਾਵਾ ਹੋਰ ਕਿਸੇ ਥਾਂ ਤੋਂ ਚੋਣ ਲੜਣ ਦਾ ਵਿਕਲਪ ਬਚਿਆ ਨਹੀਂ। ਹਵੇਲੀ ਵਾਲੇ ਨੇਤਾ ਜੀ ਦੇ ਆਤਮ-ਵਿਸ਼ਵਾਸ ਦੀ ਚਹੁੰ ਪਾਸੇ ਚਰਚਾ ਹੈ। ਚਰਚਾ ਦੌਰਾਨ ਤਾਰੀਫ਼ ਹੋ ਰਹੀ ਹੈ ਜਾਂ ਮਖੌਲ, ਇਹ ਚਾਚੇ ਚੌਰੇ ਵਾਲੇ ਨੂੰ ਪਤਾ ਹੈ ਪਰ ਉਹ ਦੱਸ ਨਹੀਂ ਰਿਹਾ।
ਇਸ਼ਕ ’ਚ ਹਿਸਾਬ ਨਹੀਂ ਕਰੀਂਦੇ
ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਅੱਜ-ਕੱਲ੍ਹ ਇੱਕ ਇਸ਼ਕ ਪੁਆੜਾ ਚਰਚਾ ਵਿੱਚ ਹੈ। ਯੂਨੀਵਰਸਿਟੀ ਦੇ ਰੂਪ ਰਸੀਏ ਦੇ ਦੱਸਣ ਮੁਤਾਬਕ ਇੱਕ ਖੋਜੀ ਨੇ ਆਪਣੀ ਮਾਸ਼ੂਕ ਦਾ ਕਾਰੋਬਾਰ ਸੈੱਟ ਕਰਨ ਲਈ ਆਪਣੀ ਫੈਲੋਸ਼ਿਪ ਦੀ ਸਾਰੀ ਰਕਮ ਵਾਰ ਦਿੱਤੀ। ਕਾਰੋਬਾਰ ਸੈੱਟ ਵੀ ਹੋ ਗਿਆ। ਪਿਛਲੇ ਮਹੀਨਿਆਂ ਦੌਰਾਨ ਇਸ ਪ੍ਰੇਮ ਕਹਾਣੀ ‘ਚ ਇੱਕ ਤੀਜੀ ਧਿਰ ਦੀ ਐਂਟਰੀ ਹੋਣ ਕਾਰਨ ਮਾਮਲਾ ‘ਟੁੱਟ ਗਈ ਤੜੱਕ ਕਰਕੇ’ ਵਾਲਾ ਹੋ ਗਿਆ। ਹੁਣ ਖੋਜੀ ਸਾਬ ਨੇ ਕਿਸੇ ਹੀਲੇ ਵਸੀਲੇ ਮਾਸ਼ੂਕ ਦੇ ਖਾਤੇ ‘ਚੋਂ ਇਸ਼ਕ ‘ਚ ਖ਼ਰਚੀ ਰਕਮ ਕਢਵਾ ਲਈ। ਬੱਸ ਫਿਰ ਕੀ ਸੀ, ਰੌਲਾ ਪੈ ਗਿਆ। ਇਸ ਸਬੰਧੀ ਚਾਚੇ ਚੌਰੇ ਵਾਲੇ ਨੇ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦਿਆਂ ਦੋਹਾਂ ਧਿਰਾਂ ਨੂੰ ਮਾਮਲਾ ਸ਼ਾਂਤੀ ਨਾਲ ਨਜਿੱਠਕੇ ਇੱਕ ਦੂਜੇ ਤੋਂ ਵੱਖ ਹੋਣ ਦੀ ਸਲਾਹ ਦਿੱਤੀ ਹੈ, ਕਿਉਂਕਿ ਚਾਚੇ ਦੀ ਨਜ਼ਰ ਵਿੱਚ ਕਿਸੇ ਇਨਸਾਨ ਦੀ ਬਦਨਾਮੀ ਨਾਲੋਂ ਇਸ਼ਕ ਦੀ ਬਦਨਾਮੀ ਹੋਣਾ ਜ਼ਿਆਦਾ ਬੁਰੀ ਗੱਲ ਹੈ।
ਅਫ਼ਸਰ ਨਹੀਂ ਪਛਾਣਦੇ ਬਾਅਦ ਵਿੱਚ..!
ਗਊ ਭਗਤਾਂ ਦੇ ਚੇਅਰਮੈਨ ਸਾਬ ਦੀ ਪਿਛਲੇ ਦਿਨੀਂ ਆਮਦ ਹੋਈ। ਅਫ਼ਸਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕੁਝ ਅਫਸਰਾਂ ਨਾਲ ਤਲਖ਼ ਕਲਾਮੀ ਵੀ ਹੋਈ। ਮੀਟਿੰਗ ਉਪਰੰਤ ਸਥਾਨਕ ਲੀਡਰਾਂ ਨਾਲ ਚਰਚਾ ਕਰਦੇ ਹੋਏ ਕਹਿੰਦੇ “ਆਪਾਂ ਇਨ੍ਹਾਂ ਅਫ਼ਸਰਾਂ ਤੋਂ ਕੰਮ ਲੈਣਾ ਹੈ, ਇਨ੍ਹਾਂ ਨਾਲ ਯਾਰੀ ਨਹੀਂ ਪਾਉਣੀ। ਇਹ ਅਫ਼ਸਰ ਬਾਅਦ ਵਿੱਚ ਪਹਿਚਾਣਦੇ ਨਹੀਂ ਹੁੰਦੇ”। ਇਸਦੇ ਨਾਲ ਹੀ ਗਊ ਭਗਤ ਜੀ ਨੇ ਆਪਣਾ ਪੁਰਾਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ “ਡਾਇਰੈਕਟਰ ਪੱਧਰ ਦਾ ਇੱਕ ਅਫ਼ਸਰ ਵਿਭਾਗੀ ਕੰਮਾਂ ਲਈ ਸਵੇਰੇ-ਸ਼ਾਮ ਫੋਨ ’ਤੇ ਗੱਲ ਕਰਦਾ ਸੀ। ਮਿਲਦਾ ਸੀ ਤਾਂ ਗੱਡ ਕੇ ਸਲੂਟ ਵੀ ਮਾਰਦਾ ਸੀ ਤੇ ਪੈਰਾਂ ‘ਚ ਵਿਛਣ ਤੱਕ ਜਾਂਦਾ ਸੀ। ਸਰਕਾਰ ਬਦਲਣ ਦੇ ਕੁਝ ਦਿਨਾਂ ਬਾਅਦ ਹੀ ਇੱਕ ਵਿਆਹ ਵਿੱਚ ਟੱਕਰ ਗਿਆ ਤਾਂ ਕੋਲੋਂ ਇੰਝ ਲੰਘਿਆ ਜਿਵੇਂ ਪਛਾਣਦਾ ਹੀ ਨਾ ਹੋਵੇ।” ਗਊ ਭਗਤ ਜੀ ਦੀ ਇਸ ਗੱਲ ਦੀ ਪ੍ਰੌੜਤਾ ਕਰਦੇ ਹੋਏ ਚਾਚੇ ਚੌਰੇ ਵਾਲੇ ਨੇ ਕਿਹਾ ਹੈ ਕਿ “ਇਹੀ ਹਾਲ ਲੀਡਰਾਂ ਦਾ ਵੀ ਹੈ। ਕੁਰਸੀ ਮਿਲਣ ਤੋਂ ਪਹਿਲਾਂ ਵੋਟਰ ਇਨ੍ਹਾਂ ਲਈ ਰੱਬ ਹੁੰਦਾ। ਬਾਅਦ ਵਿੱਚ ਇਹ ਵੋਟਰ ਲਈ ਰੱਬ ਹੁੰਦੇ ਨੇ।”
ਪੇਸ਼ਕਸ਼ : ਨਵਦੀਪ ਢੀਂਗਰਾ।