ਥਾਰ ਨੇ ਮਾਰੀ ਟੱਕਰ, ਮੋਟਰਸਾਈਕਲ ਚਾਲਕ ਦੀ ਮੌਤ, ਪਰਿਵਾਰ ਵੱਲੋਂ ਧਰਨਾ
ਥਾਰ ਨੇ ਮਾਰੀ ਟੱਕਰ, ਮੋਟਰਸਾਈਕਲ ਚਾਲਕ ਦੀ ਮੌਤ, ਪਰਿਵਾਰ ਵੱਲੋਂ ਧਰਨਾ
Publish Date: Sat, 14 Mar 2026 06:50 PM (IST)
Updated Date: Sun, 15 Mar 2026 04:13 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਦੇ 22 ਨੰਬਰ ਫਾਟਕ ਪੁਲ ‘ਤੇ ਇੱਕ ਤੇਜ਼ ਰਫ਼ਤਾਰ ਥਾਰ ਚਲਾ ਰਹੀ ਮਹਿਲਾ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਸ਼ੁੱਕਰਵਾਰ ਰਾਤ ਕਰੀਬ ਅੱਠ ਵਜੇ ਵਾਪਰਿਆ। ਹਾਦਸੇ ਤੋਂ ਬਾਅਦ ਪੀੜਤ ਪਰਿਵਾਰ ਨੂੰ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ, ਜਿਸ ਤੋਂ ਗੁੱਸੇ ਵਿੱਚ ਆ ਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ 22 ਨੰਬਰ ਪੁਲ ਵਾਲੀ ਸੜਕ ‘ਤੇ ਧਰਨਾ ਲਗਾ ਦਿੱਤਾ। ਤਕਰੀਬਨ ਇੱਕ ਘੰਟੇ ਤੱਕ ਚੱਲੇ ਇਸ ਧਰਨੇ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਅਣਪਛਾਤੀ ਮਹਿਲਾ ਕਾਰ ਚਾਲਕ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ, ਜਿਸ ਉਪਰੰਤ ਧਰਨਾ ਖ਼ਤਮ ਹੋਇਆ। ਮ੍ਰਿਤਕ ਨੌਜਵਾਨ ਦੀ ਪਛਾਣ ਜੋਬਨਪ੍ਰੀਤ ਸਿੰਘ (24 ਸਾਲ) ਵਾਸੀ ਪਿੰਡ ਭਾਨਰੀ ਵਜੋਂ ਹੋਈ ਹੈ। ਮੋਟਰਸਾਈਕਲ ‘ਤੇ ਸਵਾਰ ਦੂਜਾ ਨੌਜਵਾਨ ਸਤਨਾਮ ਸਿੰਘ ਵਾਸੀ ਭਾਨਰੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਸਤਨਾਮ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਹੈ। ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ ਇੰਚਾਰਜ ਅਮਨਦੀਪ ਬਰਾੜ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਮਹਿਲਾ ਕਾਰ ਚਾਲਕ ਦੀ ਪਛਾਣ ਨੇਹਾ ਵਜੋਂ ਹੋਈ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੱਬੀ ਇਹ ਹੈ ਪੂਰਾ ਮਾਮਲਾ ਪਿੰਡ ਭਾਨਰੀ ਦੇ ਰਹਿਣ ਵਾਲੇ ਨੈਬ ਸਿੰਘ ਨੇ ਦੱਸਿਆ ਕਿ ਜੋਬਨਪ੍ਰੀਤ ਸਿੰਘ ਅਤੇ ਉਸ ਦਾ ਦੋਸਤ ਸਤਨਾਮ ਸਿੰਘ ਕਿਸੇ ਕੰਮ ਦੇ ਸਿਲਸਿਲੇ ਵਿੱਚ ਪਟਿਆਲਾ ਆਏ ਸਨ। ਕੰਮ ਖ਼ਤਮ ਕਰਕੇ ਜਦੋਂ ਉਹ ਦੋਵੇਂ ਮੋਟਰਸਾਈਕਲ ‘ਤੇ ਵਾਪਸ ਪਿੰਡ ਜਾ ਰਹੇ ਸਨ, ਤਾਂ ਲੀਲਾ ਭਵਨ ਵੱਲੋਂ 22 ਨੰਬਰ ਪੁਲ ਚੜ੍ਹਦੇ ਸਾਰ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜੋਬਨਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮਹਿਲਾ ਚਾਲਕ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਈ। ਪਰਿਵਾਰ ਵੱਲੋਂ ਰਾਤ 11 ਵਜੇ ਤੱਕ ਲਗਾਏ ਗਏ ਧਰਨੇ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਥਾਰ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ। ਸ਼ਨੀਵਾਰ ਨੂੰ ਜੋਬਨਪ੍ਰੀਤ ਸਿੰਘ ਦੀ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।