ਕਾਂਗਰਸ ਨੇ ਮੋਤੀ ਮਹਿਲ ਅੱਗੇ ਕੀਤਾ ਰੋਸ ਪ੍ਰਦਰਸ਼ਨ
ਕਾਂਗਰਸ ਨੇ ਮੋਤੀ ਮਹਿਲ ਅੱਗੇ ਕੀਤਾ ਰੋਸ ਪ੍ਰਦਰਸ਼ਨ
Publish Date: Sat, 14 Mar 2026 06:49 PM (IST)
Updated Date: Sun, 15 Mar 2026 04:13 AM (IST)

ਕੇਂਦਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਗਰਜੇ ਆਗੂ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਕਾਂਗਰਸ ਪਾਰਟੀ ਵੱਲੋਂ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਮੋਤੀ ਮਹਿਲ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦਾ ਮੁੱਖ ਉਦੇਸ਼ ਮਨਰੇਗਾ ਸਕੀਮ ਨੂੰ ਬਚਾਉਣ, ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਰਾਖੀ, ਭਾਰਤ-ਅਮਰੀਕਾ ਵਪਾਰ ਸਮਝੌਤੇ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਆਵਾਜ਼ ਬੁਲੰਦ ਕਰਨਾ ਸੀ। ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਅਤੇ ਸ਼ਹਿਰੀ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਇਸ ਧਰਨੇ ਦੀ ਅਗਵਾਈ ਬੀਬੀ ਗੁਰਸ਼ਰਨ ਕੌਰ ਰੰਧਾਵਾ ਤੇ ਨਰੇਸ਼ ਦੁੱਗਲ ਨੇ ਕੀਤੀ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਰਿੰਦਰਪਾਲ ਸਿੰਘ ਮਾਨ, ਅਤੇ ਦਰਬਾਰਾ ਸਿੰਘ ਬਨਵਾਲਾ ਸਮੇਤ ਕਈ ਵੱਡੇ ਆਗੂ ਤੇ ਵੱਡੀ ਗਿਣਤੀ ਵਰਕਰ ਮੌਜੂਦ ਰਹੇ। ਧਰਨੇ ਦੇ ਅਖੀਰ ਵਿੱਚ ਕਾਂਗਰਸੀ ਵਰਕਰਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਲੋਕ ਵਿਰੋਧੀ ਨੀਤੀਆਂ ਵਾਪਸ ਨਾ ਲਈਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਨੂੰ ਖਤਮ ਕਰਕੇ ਸਿਰਫ ਆਪਣੇ ਚੋਣਵੇਂ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾ ਰਹੀ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਇੰਡੋ-ਯੂਐਸ ਟ੍ਰੇਡ ਡੀਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਮਝੌਤਾ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਐਮ.ਐਸ.ਪੀ. ਨੂੰ ਖਤਮ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਹੈ। ਜ਼ਿਲ੍ਹਾ ਪ੍ਰਧਾਨ ਨਰੇਸ਼ ਦੁੱਗਲ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਜਨਤਾ ਦੇ ਮੁੱਦੇ ਚੁੱਕਦੀ ਰਹੇਗੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਦੀਆਂ ਮੌਜੂਦਾ ਸਰਕਾਰਾਂ ਮਿਲ ਕੇ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮਨਰੇਗਾ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਸਕੀਮ ਦੇ ਬਜਟ ਵਿੱਚ ਕਟੌਤੀ ਕਰਨਾ ਗਰੀਬ ਮਜ਼ਦੂਰਾਂ ਦੇ ਪੇਟ ਤੇ ਲੱਤ ਮਾਰਨ ਦੇ ਬਰਾਬਰ ਹੈ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਭਾਜਪਾ ਦੇ ਵੱਡੇ ਆਗੂ ਹੁਣ ਆਪਣਾ ਅਧਾਰ ਗੁਆ ਚੁੱਕੇ ਹਨ। ਧਰਨੇ ਵਿਚ ਕਾਂਗਰਸੀ ਆਗੂ ਵਿਸ਼ਨੂ ਸ਼ਰਮਾ, ਨਿਰਮਲ ਭੱਟੀਆਂ, ਨਛੱਤਰ ਸਿੰਘ, ਗੌਰਵ ਸੰਧੂ, ਨਿਰਮਲ ਸਿੰਘ ਪੰਨੂ, ਹਲਕਾ ਇੰਚਾਰਜ ਦਰਬਾਰਾ ਸਿੰਘ ਬਨਵਾਲਾ (ਸ਼ੁਤਰਾਣਾ), ਕੁਲਵੰਤ ਸ਼ਰਮਾ, ਗੁਰਦੀਪ ਧਨੇਠਾ, ਸਮੇਤ ਮਲਕੀਤ ਘੱਗਾ, ਸਿਕੰਦਰ ਮਨੇਸ਼, ਰਾਜਾ ਸਰਾਓ, ਮੈਡਮ ਬਲਵਿੰਦਰ ਕੌਰ (ਬਲਾਕ ਪ੍ਰਧਾਨ), ਅੰਕੁਸ਼ ਸਿੰਗਲਾ, ਵਿਕਰਮ ਸਿੱਧੂ ਅਤੇ ਹੋਰ ਵਰਕਰ ਮੋਜੂਦ ਰਹੇ।