ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
Publish Date: Sat, 07 Mar 2026 07:10 PM (IST)
Updated Date: Sat, 07 Mar 2026 07:12 PM (IST)

- ਨਹੀਂ ਰੀਸਾਂ ਵਸੂਲੀ ਵਾਲੇ ਨੇਤਾ ਜੀ ਦੀਆਂ ਵਸੂਲੀ ਵਾਲੇ ਨੇਤਾ ਜੀ ਆਪਣੇ ਇੱਕ ਪੁਰਾਣੇ ਦੋਸਤ ਦੇ ਬੇਟੇ ਦੇ ਵਿਆਹ ’ਤੇ ਪਹੁੰਚੇ। ਔਖੇ ਵੇਲੇ ਸਾਥ ਨਿਭਾਉਣ ਵਾਲੇ ਅਤੇ ਮੌਜੂਦਾ ਸਮੇਂ ਵਿੱਚ ਆਰਥਿਕ ਤੰਗੀ ਚੋਂ ਗੁਜ਼ਰ ਰਹੇ ਇਸ ਦੋਸਤ ਨੇ ਨੇਤਾ ਜੀ ਨੂੰ ਬੇਟੇ ਦੇ ਵਿਆਹ ਮੌਕੇ ਸਹਿਯੋਗ ਦੇਣ ਦਾ ਸਵਾਲ ਪਾ ਰੱਖਿਆ ਸੀ। ਨੇਤਾ ਜੀ ਆਪਣੇ ਨਾਲ 10-12 ਬੰਦਿਆਂ ਨੂੰ ਲੈਕੇ ਵਿਆਹ ਤੇ ਗਏ, ਸਭ ਨੂੰ ਰੋਟੀ ਖਵਾਈ ਤੇ 1100 ਰੁਪਏ ਸ਼ਗਨ ਪਾਕੇ ਤੁਰਦੇ ਬਣੇ। ਦੋਸਤ ਦਾ ਮਨ ਬਹੁਤ ਖੱਟਾ ਹੋਇਆ। ਕੁਝ ਦਿਨ ਬਾਅਦ ਨੇਤਾ ਜੀ ਨੇ ਦੋਸਤ ਨੂੰ ਫੋਨ ਕਰਕੇ ਆਪਣੇ ਕੋਲ ਬੁਲਾਇਆ ਤਾਂ ਦੋਸਤ ਨੂੰ ਲੱਗਿਆ ਕਿ ਉਸ ਦਿਨ ਕੋਈ ਮਜਬੂਰੀ ਹੋਵੇਗੀ, ਨੇਤਾ ਜੀ ਅੱਜ ਕੁਝ ਸਹਾਰਾ ਲਾਉਣਗੇ। ਪਰ ਨੇਤਾ ਜੀ ਦੀ ਗੱਲ ਸੁਣ ਕੇ ਉਸ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ। ਨੇਤਾ ਜੀ ਨੇ ਸਹਿਯੋਗ ਦੇਣ ਦੀ ਬਜਾਇ ਸਹਿਯੋਗ ਮੰਗ ਲਿਆ। ਨੇਤਾ ਜੀ ਨੇ ਦੋਸਤ ਕੋਲੋਂ ਉਸਦੇ ਸਾਰੇ ਮਹਿਮਾਨਾਂ ਦੀ ਲਿਸਟ ਮੰਗ ਲਈ, ਤਾਂ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਵੱਲੋਂ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਵਿੱਚ ਬਤੌਰ ਜਜਮਾਨ ਸੱਦਾ ਦੇ ਸਕਣ। ਇਹ ਉਹੀ ਸਮਾਗਮ ਹੈ, ਜਿਸਦੀ ਪਿਛਲੇ ਸਾਲ ਡੀਸੀ ਸਾਬ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਨੇਤਾ ਜੀ ਸਰਕਾਰੀ ਮੰਦਰ ਵਿੱਚ ਪ੍ਰੋਗਰਾਮ ਕਰਵਾਕੇ ਸਾਰਾ ਚੜਾਵਾ ਆਪਣੇ ਨਾਲ ਲੈ ਜਾਂਦੇ ਹਨ। ਪਰ ਨੇਤਾ ਜੀ ਦੀ ਸੈਟਿੰਗ ਅਜਿਹੀ ਹੈ ਕਿ ਨਾ ਸ਼ਿਕਾਇਤ ਤੇ ਕੋਈ ਕਾਰਵਾਈ ਹੋਈ, ਨਾ ਨੇਤਾ ਜੀ ਦੇ ਮੰਗਲਵਾਰੀ ਪ੍ਰੋਗਰਾਮ ਬੰਦ ਹੋਏ ਅਤੇ ਨਾ ਹੀ ਪ੍ਰੋਗਰਾਮ ਵਿੱਚ ਸਹਿਯੋਗ ਦੇ ਨਾਮ ਤੇ ਵਸੂਲੀ। ਉਪਰੋਕਤ ਕਿੱਸੇ ਤੋਂ ਇੰਝ ਲੱਗਦਾ ਹੈ ਨੇਤਾ ਜੀ ਪਹਿਲਾਂ ਨਾਲੋਂ ਵੱਧ ਜੋਸ਼ ਨਾਲ ਪੈਰ ਪਸਾਰ ਰਹੇ ਹਨ। ਏਸੀ ਸਾਬ ਬਨਾਮ ਐਨਕਾਊਂਟਰ ਸਪੈਸ਼ਲਿਸਟ ਪੈਰਾ ਮਿਲਟਰੀ ਫੋਰਸੇਸ ਦੇ ਰਿਟਾਇਰਮੈਂਟ ਦੇ ਨੇੜੇ ਬੈਠੇ ਇੱਕ ਸਹਾਇਕ ਕਮਾਡੈਂਟ (ਏਸੀ) ਸਾਬ ਪਿੰਡ ਚੌਰਾ ਵਿਖੇ ਕੋਠੀ ਪਾ ਰਹੇ ਹਨ। ਏਸੀ ਸਾਬ ਦਾ ਨਾਮ ਪੰਜਾਬ ਪੁਲਸ ਦੇ ਇੱਕ ਐਨਕਾਉਂਟਰ ਸਪੈਸ਼ਲਿਸਟ ਨਾਲ ਮਿਲਦਾ ਜੁਲਦਾ ਹੈ। ਇਸ ਗੱਲ ਦਾ ਏਸੀ ਸਾਬ ਪੂਰਾ ਫ਼ਾਇਦਾ ਚੁੱਕ ਰਹੇ ਹਨ। ਪਤਾ ਲੱਗਾ ਹੈ ਕਿ ਨਾ ਤਾਂ ਏਸੀ ਸਾਬ ਨੇ ਨਕਸ਼ਾ ਪਾਸ ਕਰਵਾਇਆ ਹੈ ਤੇ ਨਾ ਹੀ ਜ਼ਰੂਰੀ ਸਰਕਾਰੀ ਫਾਰਮੈਲਟੀਜ਼ ਨੂੰ ਬਹੁਤੀ ਤਵੱਜੋ ਦੇ ਰਹੇ ਹਨ। ਕੂੜੇ ਨੂੰ ਵੀ ਨਿੱਤ ਹੀ ਅੱਗ ਲਾ ਦਿੰਦੇ ਹਨ। ਜੇ ਕੋਈ ਸਰਕਾਰੀ ਅਧਿਕਾਰੀ ਕਿਸੇ ਤਰਾਂ ਦੀ ਕਾਰਵਾਈ ਕਰਨ ਲਈ ਆਉਂਦਾ ਹੈ, ਤਾਂ ਏਸੀ ਸਾਬ ਦੇ ਫੀਲੇ ਅਜਿਹੀ ਗੋਲਮੋਲ ਜਿਹੀ ਗੱਲ ਕਰਦੇ ਹਨ ਕਿ ਉਸ ਨੂੰ ਲੱਗਦਾ ਹੈ ਕਿ ਇਹ ਤਾਂ ਪੰਜਾਬ ਪੁਲਸ ਦੇ ਐਨਕਾਉਂਟਰ ਸਪੈਸ਼ਲਿਸਟ ਦੀ ਕੋਠੀ ਹੈ। ਭ੍ਰਿਸ਼ਟਾਚਾਰ ਵਿੱਚ ਨੱਕੋਂ-ਨੱਕ ਡੁੱਬੇ ਅਧਿਕਾਰੀ ਐਨਕਾਉਂਟਰ ਸਪੈਸ਼ਲਿਸਟ ਦਾ ਨਾਮ ਸੁਣ ਕੇ ਹੀ ਕੰਬਣ ਲੱਗਦੇ ਹਨ। ਫਿਰ ਚਲਾਨ ਕੱਟਣ ਜਾਂ ਹੋਰ ਕਾਰਵਾਈ ਕਰਨ ਦੀ ਬਜਾਇ ਉੱਥੋਂ ਖਿਸਕਣ ‘ਚ ਹੀ ਭਲਾਈ ਸਮਝਦੇ ਹਨ। ਏਸੀ ਸਾਬ ਆਪਣੇ ਨਾਮ ਦਾ ਹੀ ਨਹੀਂ ਬਲਕਿ ਅਹੁਦੇ ਦਾ ਵੀ ਪੂਰਾ ‘ਉਪਯੋਗ’ ਕਰ ਰਹੇ ਹਨ। ਫੋਰਸ ਦੇ ਦਰਜਨ ਭਰ ਬੰਦੇ ਜਿਨ੍ਹਾਂ ਵਿੱਚ ਸਿਪਾਹੀ ਤੋਂ ਲੈਕੇ ਇੰਸਪੈਕਟਰ ਤੱਕ ਸ਼ਾਮਲ ਹਨ, ਹਰ ਵੇਲੇ ਸਾਬ ਦੀ ਨਵੀਂ ਬਣ ਰਹੀ ਕੋਠੀ ਵਿੱਚ ਦਿਹਾੜੀਦਾਰਾਂ ਵਾਲੇ ਕੰਮ ਕਰਦੇ ਦੇਖੇ ਜਾ ਸਕਦੇ ਹਨ। ਪੇਸ਼ਕਸ਼ : ਨਵਦੀਪ ਢੀਂਗਰਾ।