ਬਾਜ਼ੀਗਰ ਭਾਈਚਾਰੇ ਦਾ ਰਾਖਵਾਂ ਕੋਟਾ ਖਤਮ ਕਰਨ ਦਾ ਵਿਰੋਧ
ਬਾਜ਼ੀਗਰ ਭਾਈਚਾਰੇ ਦਾ ਰਾਖਵਾਂ ਕੋਟਾ ਖਤਮ ਕਰਨ ਦਾ ਵਿਰੋਧ
Publish Date: Sat, 07 Mar 2026 07:04 PM (IST)
Updated Date: Sat, 07 Mar 2026 07:06 PM (IST)

- ਭਾਈਚਾਰੇ ਦੇ ਹੱਕਾਂ ਨੂੰ ਬਚਾਉਣ ਲਈ ਸੰਘਰਸ਼ ਵਿੱਢਣ ਦੀ ਚਿਤਾਵਨੀ ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਬਾਜ਼ੀਗਰ ਭਾਈਚਾਰੇ ਦੀ ਬਹੁ ਗਿਣਤੀ ਵਾਲੇ ਪਿੰਡ ਚਿੱਚੜਵਾਲਾ ਵਿੱਚ ਬਾਜ਼ੀਗਰ ਭਾਈਚਾਰੇ ਦੀ ਮੀਟਿੰਗ ਵਿੱਚ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਈਚਾਰੇ ਦਾ ਦੋ ਫ਼ੀਸਦੀ ਰਾਖਵਾਂ ਕੋਟਾ ਖਤਮ ਕੀਤੇ ਜਾਣ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਰੋਸ ਵਿਖਾਵੇ ਵਿੱਚ ਇਲਾਕੇ ਦੇ ਕਈ ਪਿੰਡਾਂ ਤੋਂ ਬਾਜ਼ੀਗਰ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਪਹੁੰਚ ਕੇ ਗੁੱਸੇ ਦਾ ਇਜ਼ਹਾਰ ਕੀਤਾ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਡਾ. ਗੁਰਚਰਨ ਨੇ ਕਿਹਾ ਕਿ ਦੋ ਫ਼ੀਸਦੀ ਰਾਖਵਾਂ ਕੋਟਾ ਖਤਮ ਕਰ ਕੇ ਸਰਕਾਰ ਨੇ ਬਾਜ਼ੀਗਰ ਭਾਈਚਾਰੇ ਨਾਲ ਧੱਕਾ ਕੀਤਾ ਹੈ। ਸਰਕਾਰ ਦੇ ਫੈਸਲੇ ਦਾ ਬਾਜ਼ੀਗਰ ਸਮਾਜ ਦੇ ਨੌਜਵਾਨਾਂ ਦੇ ਭਵਿੱਖ ’ਤੇ ਗੰਭੀਰ ਅਸਰ ਪਵੇਗਾ। ਉਨ੍ਹਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਬਿਰਾਦਰੀ ਦੇ ਹੱਕ ਵਿਚ ਆਵਾਜ਼ ਨਹੀਂ ਉਠਾਈ ਜਦੋਂਕਿ ਉਨ੍ਹਾਂ ਨੂੰ ਸਮਾਜ ਨੇ ਵੱਡੀ ਉਮੀਦ ਨਾਲ ਪ੍ਰਤੀਨਿਧੀ ਚੁਣੇ ਕਿ ਵਿਧਾਨ ਸਭਾ ਵਿਚ ਭੇਜਿਆ ਸੀ, ਉਕਤ ਕੋਟੇ ਹੱਕ ਵਿਚ ਆਵਾਜ਼ ਉਠਾਉਣੀ ਉਨ੍ਹਾਂ ਦੀ ਜ਼ਿੰਮੇਵਾਰ ਬਣਦੀ ਸੀ। ਉਨ੍ਹਾਂ ਕਿਹਾ ਹੈ ਕਿ ਬਾਜ਼ੀਗਰ ਭਾਈਚਾਰੇ ਦੇ ਉਕਤ ਕੋਟੇ ਦੀ ਬਹਾਲੀ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ। ਇਸੇ ਦੌਰਾਨ ਮੌਜੂਦ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਜੇ ਸਰਕਾਰ ਨੇ ਕੋਟਾ ਬਹਾਲ ਨਾ ਕੀਤਾ ਤਾਂ ਬਾਜ਼ੀਗਰ ਭਾਈਚਾਰਾ ਸੰਘਰਸ਼ ਲਈ ਮਜਬੂਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਇਕ ਵਿਅਕਤੀ ਦੀ ਨਹੀਂ, ਸਮੁੱਚੇ ਸਮਾਜ ਦੀ ਹੈ।