ਗਰਮੀ ਨੇ ਫੜੀ ਰਫ਼ਤਾਰ, ਤਾਪਮਾਨ 33 ਡਿਗਰੀ ਤਕ ਪਹੁੰਚਿਆ
ਗਰਮੀ ਨੇ ਫੜੀ ਰਫ਼ਤਾਰ, ਤਾਪਮਾਨ 33 ਡਿਗਰੀ ਤੱਕ ਪਹੁੰਚਿਆ
Publish Date: Sat, 07 Mar 2026 06:59 PM (IST)
Updated Date: Sat, 07 Mar 2026 07:03 PM (IST)
- ਆਉਣ ਵਾਲੇ ਦਿਨਾਂ ’ਚ ਹੋਰ ਵਧੇਗੀ ਗਰਮੀ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਦਾ ਮਿਜ਼ਾਜ ਤੇਜ਼ੀ ਨਾਲ ਬਦਲ ਰਿਹਾ ਹੈ। ਸਰਦੀਆਂ ਦੀ ਵਿਦਾਇਗੀ ਤੋਂ ਬਾਅਦ ਹੁਣ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸ਼ਨੀਵਾਰ, 7 ਮਾਰਚ ਨੂੰ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 18 ਡਿਗਰੀ ਰਿਹਾ। ਦਿਨ ਭਰ ਅਸਮਾਨ ਸਾਫ਼ ਰਿਹਾ ਅਤੇ ਤੇਜ਼ ਧੁੱਪ ਕਾਰਨ ਲੋਕਾਂ ਨੂੰ ਗਰਮੀ ਦਾ ਅਹਿਸਾਸ ਹੋਇਆ। ਜੇਕਰ ਪਿਛਲੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਵਿੱਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨਾਂ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 2 ਤੋਂ 3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮਾਰਚ ਦੇ ਸ਼ੁਰੂਆਤੀ ਹਫ਼ਤੇ ਵਿੱਚ ਹੀ ਪਾਰਾ 30 ਡਿਗਰੀ ਨੂੰ ਪਾਰ ਕਰ ਜਾਣਾ ਆਉਣ ਵਾਲੇ ਦਿਨਾਂ ਵਿੱਚ ਭਿਆਨਕ ਗਰਮੀ ਦਾ ਸੰਕੇਤ ਦੇ ਰਿਹਾ ਹੈ। ਹਵਾ ਵਿੱਚ ਨਮੀ ਦੀ ਮਾਤਰਾ 37 ਫ਼ੀਸਦੀ ਰਹੀ ਅਤੇ ਦੱਖਣ-ਪੂਰਬੀ ਦਿਸ਼ਾ ਤੋਂ 6 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ।
- ਅਗਲੇ ਦਿਨਾਂ ’ਚ ਹੋਰ ਵਧੇਗੀ ਗਰਮੀ
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਆਉਣ ਵਾਲੇ ਪੰਜ ਦਿਨਾਂ ਦੌਰਾਨ ਪਟਿਆਲਾ ਵਿੱਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ। ਐਤਵਾਰ ਅਤੇ ਸੌਮਵਾਰ ਨੂੰ ਤਾਪਮਾਨ 34 ਡਿਗਰੀ, ਮੰਗਲਵਾਰ 10 ਮਾਰਚ 35 ਡਿਗਰੀ, ਬੁੱਧਵਾਰ 11 ਮਾਰਚ ਨੂੰ ਥੋੜੀ ਬੱਦਲਵਾਈ ਨਾਲ 33 ਡਿਗਰੀ ਅਤੇ ਵੀਰਵਾਰ 12 ਮਾਰਚ ਨੂੰ ਤਾਪਮਾਨ 35 ਡਿਗਰੀ ਤਕ ਪੁੱਜਣ ਦਾ ਅਨੁਮਾਨ ਹੈ। ਤਾਪਮਾਨ ਵਿੱਚ ਅਚਾਨਕ ਆਏ ਇਸ ਬਦਲਾਅ ਕਾਰਨ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਦੁਪਹਿਰ ਵੇਲੇ ਸਿੱਧੀ ਧੁੱਪ ਤੋਂ ਬਚਣ ਅਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਖੇਤੀਬਾੜੀ ਮਾਹਿਰਾਂ ਅਨੁਸਾਰ ਵਧ ਰਹੀ ਗਰਮੀ ਕਣਕ ਦੀ ਫ਼ਸਲ ਲਈ ਨਿਰਣਾਇਕ ਸਾਬਤ ਹੋ ਸਕਦੀ ਹੈ, ਕਿਉਂਕਿ ਤਾਪਮਾਨ ਵਧਣ ਨਾਲ ਫ਼ਸਲ ਤੇਜ਼ੀ ਨਾਲ ਪੱਕਣ ਵੱਲ ਵਧੇਗੀ।