ਪੀਆਰਟੀਸੀ ਦੇ ਚੇਅਰਮੈਨ ਨੇ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ
ਪੀ.ਆਰ.ਟੀ.ਸੀ ਦੇ ਚੇਅਰਮੈਨ ਨੇ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ
Publish Date: Thu, 05 Mar 2026 03:59 PM (IST)
Updated Date: Thu, 05 Mar 2026 04:02 PM (IST)

-ਵਿੱਤ ਮੰਤਰੀ ਵੱਲੋਂ ਪੀ.ਆਰ.ਟੀ.ਸੀ ਦੀ ਵਿੱਤੀ ਮਜ਼ਬੂਤੀ ਲਈ ਲੋੜੀਂਦੇ ਨਿਰਦੇਸ਼ ਜਾਰੀ- ਚੇਅਰਮੈਨ ਜੁਨੇਜਾ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਪੀਆਰਟੀਸੀ ਦੀ ਚੜ੍ਹਦੀਕਲਾ ਅਤੇ ਸਮੂਹ ਜੱਥੇਬੰਦੀਆਂ ਦੀ ਸਾਂਝੀ ਮੰਗ ਦੇ ਯੋਗ ਹੱਲ ਕਰਨ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਉਨ੍ਹਾਂ ਦੇ ਗ੍ਰਹਿ ਚੰਡੀਗੜ੍ਹ ਵਿਖੇ ਮਹੱਤਵਪੂਰਨ ਮੀਟਿੰਗ ਕੀਤੀ। ਐਡਵੋਕੇਟ ਜੁਨੇਜਾ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਏਜੰਡਾ ਪੀਆਰਟੀਸੀ ਦਾ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵੱਲ ਲੰਬਿਤ ਰਕਮ ਦੀਆਂ ਦੇਣਦਾਰੀਆਂ ਜਾਰੀ ਕਰਵਾਉਣਾ ਸੀ ਤਾਂ ਜੋ ਕਰਮਚਾਰੀਆਂ ਨੂੰ ਤਨਖਾਹ, ਪੈਨਸ਼ਨਰਾਂ ਨੂੰ ਪੈਨਸ਼ਨ ਤੋਂ ਇਲਾਵਾ ਮੈਡੀਕਲ ਜਾਂ ਹੋਰ ਬਕਾਇਆਂ ਰਕਮਾਂ ਦਾ ਸਮੇਂ ਸਿਰ ਕੀਤਾ ਜਾ ਸਕੇ, ਇਸ ਬਜਟ ਨਾਲ ਡਿਪੂਆਂ ਵਿੱਚ ਸਪੇਅਰ ਪਾਰਟਸ ਦੀ ਮੁਕੰਮਲ ਖਰੀਦ ਕਰਕੇ ਬੱਸ ਸਰਵਿਸ ਸੁਚਾਰੂ ਚੱਲਦੀ ਰੱਖੀ ਜਾ ਸਕੇ ਤੇ ਸਵਾਰੀਆਂ ਨੂੰ ਨਿਰੰਤਰ ਸਫ਼ਰ ਸਹੂਲਤ ਦਿੱਤੀ ਜਾ ਸਕੇ। ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਉਨ੍ਹਾਂ ਵੱਲੋਂ ਉਠਾਈਆਂ ਗਈਆਂ ਮੰਗਾਂ ਸਬੰਧੀ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਰਾਬਤਾ ਕਾਇਮ ਕਰਦੇ ਹੋਏ ਉਨ੍ਹਾਂ ਵਿਭਾਗਾਂ ਵੱਲ ਪੀਆਰਟੀਸੀ ਦੇ ਲੰਬਿਤ ਬਕਾਇਆ ਫ਼ੰਡਜ਼ ਦੀ ਅਦਾਇਗੀ ਜਲਦ ਤੋਂ ਜਲਦ ਕਰਨ ਦੇ ਸਖਤ ਨਿਰਦੇਸ਼ ਦਿੱਤੇ, ਤਾਂ ਜੋ ਵਿਭਾਗ ਦੇ ਕਾਰਜਾਂ ਵਿੱਚ ਹੋਰ ਸੁਧਾਰ ਅਤੇ ਨਿਰੰਤਰਤਾ ਬਣੀ ਰਹੇ। ਇਸ ਮੌਕੇ ਜਨਰਲ ਮੈਨੇਜਰ ਪਟਿਆਲਾ ਜਤਿੰਦਰਪਾਲ ਸਿੰਘ ਗਰੇਵਾਲ, ਅਤੇ ਜਨਰਲ ਮੈਨੇਜਰ (ਪ੍ਰਸ਼ਾਸਨ) ਮਨਿੰਦਰਪਾਲ ਸਿੰਘ ਸਿੱਧੂ ਵੀ ਮੌਜੂਦ ਸਨ।