ਕਾਨੂੰਨ ਤੋੜਨ ਵਾਲਿਆਂ ਲਈ ਹੋਲੀ ਦੇ ਰੰਗ ਪੈ ਸਕਦੇ ਹਨ ਫਿੱਕੇ
ਕਾਨੂੰਨ ਤੋੜਨ ਵਾਲਿਆਂ ਲਈ ਹੋਲੀ ਦੇ ਰੰਗ ਪੈ ਸਕਦੇ ਹਨ ਫਿੱਕੇ
Publish Date: Tue, 03 Mar 2026 04:05 PM (IST)
Updated Date: Tue, 03 Mar 2026 04:08 PM (IST)

ਹੋਲੀ ਮੌਕੇ ਹੁੱਲੜਬਾਜ਼ਾਂ ਨੂੰ ਪੁਲਿਸ ਦੀ ਸਖਤ ਚਿਤਾਵਨੀ ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ ਹੋਲੀ ਦੇ ਤਿਉਹਾਰ ਦੀਆਂ ਰੌਣਕਾਂ ਸ਼ੁਰੂ ਹੋਣ ਜਾ ਰਹੀਆਂ ਹਨ, ਪਰ ਇਸ ਵਾਰ ਪਟਿਆਲਾ ਪੁਲਿਸ ਨੇ ਸ਼ਰਾਰਤੀ ਅਨਸਰਾਂ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਲਈ ਇਕ ਅਜਿਹਾ ‘ਵਿਸ਼ੇਸ਼ ਪੈਕੇਜ’ ਤਿਆਰ ਕੀਤਾ ਹੈ, ਜਿਸ ਨੂੰ ਸੁਣ ਕੇ ਹੁੱਲੜਬਾਜ਼ਾਂ ਦੇ ਪਸੀਨੇ ਛੁੱਟ ਜਾਣਗੇ। ਪੁਲਿਸ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਰਚਨਾਤਮਕ ਅਤੇ ਵਿਅੰਗਮਈ ਮੁਹਿੰਮ ਵਿੱਢੀ ਹੈ, ਜਿਸ ਦਾ ਮਕਸਦ ਤਿਉਹਾਰ ਦੀ ਆੜ ਵਿਚ ਗੁੰਡਾਗਰਦੀ ਕਰਨ ਵਾਲਿਆਂ ਨੂੰ ਸਖ਼ਤ ਸੁਨੇਹਾ ਦੇਣਾ ਹੈ। ਕਾਨੂੰਨ ਤੋੜਨ ਵਾਲਿਆਂ ਲਈ ਹੋਲੀ ਦੇ ਰੰਗ ਫਿੱਕੇ ਪੈ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਸੁਰੱਖਿਅਤ ਤਰੀਕੇ ਨਾਲ ਤਿਉਹਾਰ ਮਨਾਇਆ ਜਾਵੇ। ਸੋਸ਼ਲ ਮੀਡੀਆ ਤੇ ਵਿਸ਼ੇਸ਼ ਸਹੂਲਤਾਂ ਦਾ ਐਲਾਨ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਪੇਜਾਂ ਤੇ ਇਕ ਪੋਸਟਰ ਸਾਂਝਾ ਕੀਤਾ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਬੇਹੱਦ ਵਿਅੰਗਮਈ ਲਹਿਜੇ ਵਿਚ ਲਿਖਿਆ ਹੈ ਕਿ ਜੇਕਰ ਕੋਈ ਹੋਲੀ ਮੌਕੇ ਕਾਨੂੰਨ ਤੋੜਦਾ ਹੈ, ਤਾਂ ਉਸ ਨੂੰ ਥਾਣਿਆਂ ਵਿਚ ਬਿਨਾਂ ਕਿਸੇ ਦਾਖਲਾ ਫੀਸ ਤੋਂ ਮੁਫਤ ਐਂਟਰੀ ਮਿਲੇਗੀ। ਹਵਾਲਾਤ ਦੀ ਸਖ਼ਤ ਨਿਗਰਾਨੀ ਹੇਠ ‘ਮਹਿਮਾਨਨਿਵਾਜ਼ੀ’ ਵੀਵੀਆਈਪੀ ਟ੍ਰੀਟਮੈਂਟ ਦਿੱਤਾ ਜਾਵੇਗਾ। ਮੌਕੇ ਤੇ ਹੀ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਦੀ ਜਾਣਕਾਰੀ ਲਈ ਮੁਫ਼ਤ ਕਾਨੂੰਨੀ ਸਲਾਹ ਦਿੱਤੀ ਜਾਵੇਗੀ। ਸੋਸ਼ਲ ਮੀਡੀਆ ’ਤੇ ਪਾਈ ਗਈ ਇਸ ਪੋਸਟ ਵਿਚ ਲਿਖਿਆ ਗਿਆ ਹੈ ਕਿ ਇਹ ਸਿਰਫ ਮਜ਼ਾਕ ਨਹੀਂ, ਸਗੋਂ ਉਨ੍ਹਾਂ ‘ਪਾਰਟੀ ਸਪੋਇਲਰਸ’ ਲਈ ਇਕ ਚਿਤਾਵਨੀ ਹੈ ਜੋ ਦੂਜਿਆਂ ਦੀ ਖੁਸ਼ੀ ਵਿਚ ਖਲਲ ਪਾਉਂਦੇ ਹਨ। ਟ੍ਰੈਫਿਕ ਨਿਯਮਾਂ ਤੇ ਹੋਵੇਗੀ ਤਿੱਖੀ ਨਜ਼ਰ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਹੋਲੀ ਵਾਲੇ ਦਿਨ ਸੜਕਾਂ ਤੇ ਅਰਾਜਕਤਾ ਫੈਲਾਉਣ ਵਾਲਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਮੋਟਰਸਾਈਕਲ ਤੇ ਤਿੰਨ ਸਵਾਰੀਆਂ ਬਿਠਾ ਕੇ ਹੂਟਿੰਗ ਕਰਨ ਵਾਲਿਆਂ ਦੇ ਵਾਹਨ ਤੁਰੰਤ ਜ਼ਬਤ ਕੀਤੇ ਜਾਣਗੇ। ਥਾਂ-ਥਾਂ ਲਗਾਏ ਗਏ ਨਾਕਿਆਂ ਤੇ ‘ਬ੍ਰੈਥ ਐਨਾਲਾਈਜ਼ਰ’ ਨਾਲ ਜਾਂਚ ਕੀਤੀ ਜਾਵੇਗੀ। ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਨਾਕੇ ਤੇ ਨਾ ਸਿਰਫ ਭਾਰੀ ਜੁਰਮਾਨੇ ਭਰਨੇ ਪੈਣਗੇ, ਸਗੋਂ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਨੌਜਵਾਨਾਂ ਵੱਲੋਂ ਬਿਨ੍ਹਾਂ ਹੈਲਮੇਟ, ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਅਤੇ ਸਟੰਟ ਕਰਨ ਤੇ ਸਖ਼ਤ ਪਾਬੰਦੀ ਰਹੇਗੀ। ਗਲੀਆਂ-ਬਾਜ਼ਾਰਾਂ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਪਟਿਆਲਾ ਦੇ ਭੀੜ ਵਾਲੀਆਂ ਥਾਵਾਂ, ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਸਿਵਲ ਵਰਦੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ। ਮਹਿਲਾਵਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਕਿਹਾ ਹੈ ਕਿ ਜੇਕਰ ਕੋਈ ਜ਼ਬਰਦਸਤੀ ਰੰਗ ਲਗਾਉਣ ਜਾਂ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਵਿਰੁੱਧ ਤੁਰੰਤ ਪਰਚਾ ਦਰਜ ਕੀਤਾ ਜਾਵੇਗਾ। ਪੁਲਿਸ ਦੀ ਜਨਤਾ ਨੂੰ ਅਪੀਲ ਐੱਸਐੱਸਪੀ ਵਰੁਣ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੋਲੀ ਰੰਗਾਂ ਅਤੇ ਪਿਆਰ ਦਾ ਤਿਉਹਾਰ ਹੈ, ਇਸ ਨੂੰ ਨਫ਼ਰਤ ਜਾਂ ਹਾਦਸਿਆਂ ਵਿਚ ਨਾ ਬਦਲੋ। ਪੁਲਿਸ ਨੇ ਸਪੱਸ਼ਟ ਕੀਤਾ ਕਿ ਸਾਡਾ ਮਕਸਦ ਕਿਸੇ ਦੀਆਂ ਖੁਸ਼ੀਆਂ ਵਿਚ ਰੁਕਾਵਟ ਪਾਉਣਾ ਨਹੀਂ, ਸਗੋਂ ਹਰ ਨਾਗਰਿਕ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਕਿਸੇ ਵੀ ਅਣਸੁਖਾਵੀਂ ਘਟਨਾ, ਸ਼ੋਰ-ਸ਼ਰਾਬੇ ਜਾਂ ਐਮਰਜੈਂਸੀ ਦੀ ਸਥਿਤੀ ਵਿਚ ਜਨਤਾ ਨੂੰ ਹੈਲਪਲਾਈਨ ਨੰਬਰ 112 ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ। ਪੁਲਿਸ ਕੰਟਰੋਲ ਰੂਮ 24 ਘੰਟੇ ਚੌਕਸ ਰਹੇਗਾ ਤਾਂ ਜੋ ਕਿਸੇ ਵੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।