ਹੋਲੀ ਦੀਆਂ ਤਿਆਰੀਆਂ, ਬਾਜ਼ਾਰਾਂ ’ਚ ਵਧੀ ਰੌਣਕ
ਹੋਲੀ ਦੀਆਂ ਤਿਆਰੀਆਂ, ਬਾਜ਼ਾਰਾਂ ਵਿੱਚ ਵਧੀ ਰੌਣਕ
Publish Date: Mon, 02 Mar 2026 04:31 PM (IST)
Updated Date: Mon, 02 Mar 2026 04:31 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਹੋਲੀ ਦਾ ਤਿਉਹਾਰ ਨਜ਼ਦੀਕ ਆਉਂਦਿਆਂ ਹੀ ਬਾਜ਼ਾਰਾਂ ਵਿਚ ਰੰਗਾਂ ਦੀ ਬਹਾਰ ਵੇਖਣ ਨੂੰ ਮਿਲ ਰਹੀ ਹੈ। ਇਸ ਵਾਰ ਬਾਜ਼ਾਰ ਵਿਚ ਰੰਗਾਂ ਅਤੇ ਪਿਚਕਾਰੀਆਂ ਦੀ ਚਮਕ ਗਾਹਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਵਪਾਰੀਆਂ ਅਨੁਸਾਰ, ਇਸ ਸਾਲ ਲੋਕਾਂ ਵਿਚ ਕੁਦਰਤੀ ਅਤੇ ਸੁਰੱਖਿਅਤ ਹੋਲੀ ਖੇਡਣ ਦਾ ਭਾਰੀ ਉਤਸ਼ਾਹ ਹੈ। ਇਸ ਵਾਰ ਹੋਲੀ ਦੇ ਬਾਜ਼ਾਰ ਵਿਚ ਸਭ ਤੋਂ ਵੱਧ ਚਰਚਾ ਆਰਗੈਨਿਕ ਗੁਲਾਲ ਸਿਲੰਡਰ ਦੀ ਹੋ ਰਹੀ ਹੈ। ਵੇਖਣ ਵਿਚ ਇਹ ਬਿਲਕੁਲ ਅੱਗ ਬੁਝਾਊ ਸਿਲੰਡਰ ਵਰਗਾ ਲੱਗਦਾ ਹੈ, ਪਰ ਇਸ ਵਿਚੋਂ ਅੱਗ ਦੀ ਬਜਾਏ ਹਵਾ ਵਿਚ ਉੱਡਦਾ ਰੰਗਦਾਰ ਆਰਗੈਨਿਕ ਗੁਲਾਲ ਨਿਕਲਦਾ ਹੈ। ਇਹ ਨੌਜਵਾਨਾਂ ਅਤੇ ਬੱਚਿਆਂ ਵਿਚ ਖਾਸਾ ਮਕਬੂਲ ਹੋ ਰਿਹਾ ਹੈ। ਸਥਾਨਕ ਵਪਾਰੀਆਂ ਦਾ ਕਹਿਣਾ ਹੈ ਕਿ ਇਹ ਸਿਲੰਡਰ ਵਰਤਣ ਵਿਚ ਬਹੁਤ ਆਸਾਨ ਹਨ ਅਤੇ ਜਸ਼ਨ ਨੂੰ ਯਾਦਗਾਰ ਬਣਾ ਰਹੇ ਹਨ। ਬਾਜ਼ਾਰ ਵਿੱਚ ਇਸ ਵਾਰ ਇੱਕ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਲੋਕਾਂ ਨੇ ਚੀਨੀ ਰੰਗਾਂ ਅਤੇ ਉਤਪਾਦਾਂ ਤੋਂ ਦੂਰੀ ਬਣਾ ਲਈ ਹੈ। ਵਪਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਸਿਰਫ਼ ਭਾਰਤੀ ਅਤੇ ਸਥਾਨਕ ਉਤਪਾਦ ਹੀ ਵੇਚ ਰਹੇ ਹਨ। ਗਾਹਕ ਹੁਣ ਚਮੜੀ ਦੀ ਸੁਰੱਖਿਆ ਪ੍ਰਤੀ ਵਧੇਰੇ ਜਾਗਰੂਕ ਹੋ ਗਏ ਹਨ। ਰੰਗ ਵਿਕਰੇਤਾ ਦਿਨੇਸ਼ ਕੁਮਾਰ ਅਨੁਸਾਰ, ਖਾਸ ਤੌਰ ਤੇ ਰਾਜਸਥਾਨ ਤੋਂ ਸ਼ੁੱਧ ਹਰਬਲ ਰੰਗ ਮੰਗਵਾਏ ਗਏ ਹਨ। ਬਾਜ਼ਾਰ ਵਿਚ ਹਰਬਲ ਰੰਗਾਂ ਦੇ ਪੈਕੇਟ 20 ਰੁਪਏ ਤੋਂ ਲੈ ਕੇ 50 ਰੁਪਏ ਤੱਕ ਉਪਲਬਧ ਹਨ। ਪਿਚਕਾਰੀਆਂ ਦੇ ਬਾਜ਼ਾਰ ਵਿੱਚ ਵੀ ਨਵੀਂ ਤਕਨੀਕ ਅਤੇ ਡਿਜ਼ਾਈਨ ਦੀ ਭਰਮਾਰ ਹੈ। ਬੱਚਿਆਂ ਲਈ ਖਾਸ ਤੌਰ ਤੇ ਗੰਨ, ਹੈਮਰ (ਹਥੌੜਾ) ਅਤੇ ਬੀਨ ਸ਼ੇਪ ਪਿਚਕਾਰੀਆਂ ਆਕਰਸ਼ਣ ਦਾ ਕੇਂਦਰ ਹਨ। ਬੈਟਰੀ ਅਤੇ ਏਅਰ ਪ੍ਰੈਸ਼ਰ ਪਿਚਕਾਰੀਆਂ 10 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੀ ਰੇਂਜ ਵਿਚ ਮਿਲ ਰਹੀਆਂ ਹਨ। ਵਪਾਰੀ ਸੁਰੇਸ਼ ਕੁਮਾਰ ਦਾ ਕਹਿਣਾ ਹੈ ਅੱਜ ਕੱਲ੍ਹ ਬਾਜ਼ਾਰ ਵਿਚ 99 ਫੀਸਦੀ ਪਿਚਕਾਰੀਆਂ ਪਲਾਸਟਿਕ ਦੀਆਂ ਹਨ ਕਿਉਂਕਿ ਇਹ ਹਲਕੀਆਂ, ਸਸਤੀਆਂ ਅਤੇ ਸੁੰਦਰ ਡਿਜ਼ਾਈਨਾਂ ਵਿਚ ਮਿਲ ਜਾਂਦੀਆਂ ਹਨ। ਗਾਹਕ ਹੁਣ ਮੇਡ ਇਨ ਇੰਡੀਆ ਲੇਬਲ ਦੇਖ ਕੇ ਹੀ ਸਾਮਾਨ ਖਰੀਦਣਾ ਪਸੰਦ ਕਰ ਰਹੇ ਹਨ। ਇਸ ਵਾਰ ਦੀ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਹੀ ਨਹੀਂ, ਸਗੋਂ ਸਿਹਤ ਅਤੇ ਸਵਦੇਸ਼ੀ ਪ੍ਰਤੀ ਜਾਗਰੂਕਤਾ ਦਾ ਪ੍ਰਤੀਕ ਵੀ ਬਣ ਰਹੀ ਹੈ। ਹਰਬਲ ਰੰਗਾਂ ਦੀ ਵੱਧ ਰਹੀ ਮੰਗ ਇਹ ਦਰਸਾਉਂਦੀ ਹੈ ਕਿ ਲੋਕ ਹੁਣ ਰਸਾਇਣਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਣਾ ਚਾਹੁੰਦੇ ਹਨ। ਆਉਣ ਵਾਲੇ ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰਾਂ ਵਿਚ ਭਾਰੀ ਭੀੜ ਹੋਣ ਦੀ ਉਮੀਦ ਹੈ।