ਹੋਸਟਲਾਂ ਦਾ ਸਮਾਂ ਬਦਲਣ ’ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਸਵਾਗਤ
ਹੋਸਟਲਾਂ ਦਾ ਸਮਾਂ ਬਦਲਣ ’ਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਸਵਾਗਤ
Publish Date: Sat, 28 Feb 2026 06:50 PM (IST)
Updated Date: Sat, 28 Feb 2026 06:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਚ ਵਿਦਿਆਰਥਣਾਂ ਲਈ ਹੋਸਟਲ ਦਾ ਸਮਾਂ ਬਦਲਣ ’ਤੇ ਸਿੱਖ ਸਟੂਡੈਂਟਸ ਫੈੱਡਰੇਸ਼ਨ, ਬੀਬੀ ਉਪਕਾਰ ਕੌਰ ਗ਼ਰਲਜ਼ ਵਿੰਗ, ਆਰਐੱਸਏ ਅਤੇ ਬੁੱਢਾ ਦਲ ਦੇ ਵਿਦਿਆਥੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਸਬੰਧੀ ਪ੍ਰਧਾਨ ਮਨਦੀਪ ਸਿੰਘ ਨੇ ਕਿਹਾ ਕਿ ਇਹ ਹਰੇਕ ਅਦਾਰੇ ਦੇ ਆਪਣੇ ਨਿਯਮ ਹੁੰਦੇ ਹਨ ਅਤੇ ਇਹ ਨਿਯਮ ਸੁਰੱਖਿਅਤ ਮਾਹੌਲ ਸਿਰਜਣ ਅਤੇ ਅਸੱਭਿਅਕ ਘਟਨਾਵਾਂ ਰੋਕਣ ਲਈ ਬਣਾਏ ਗਏ ਹਨ। ਇਸ ਸਮੇਂ ਬੀਬੀ ਉਪਕਾਰ ਕੌਰ ਗ਼ਰਲਜ਼ ਵਿੰਗ ਦੀ ਵਿਦਿਆਰਥੀ ਆਗੂ ਰਾਜਵੀਰ ਕੌਰ ਨੇ ਕਿਹਾ ਕਿ ਕੁੱਝ ਨਿਯਮ ਸਭ ਲਈ ਸਾਂਝੇ ਹੁੰਦੇ ਹਨ, ਪਰ ਕੁੱਝ ਨਿਯਮ ਸੁਰੱਖਿਆ ਅਤੇ ਸਮੇਂ ਦੀ ਲੋੜ ਅਨੁਸਾਰ ਬਣਾਏ ਜਾਂਦੇ ਹਨ, ਜਿਸ ਵਿੱਚ ਕੁਆਲਿਟੀ ਨਹੀਂ ਲਿਆਂਦੀ ਜਾ ਸਕਦੀ ਅਤੇ ਅਜਿਹੀਆਂ ਅਸੱਭਿਅਕ ਸਰਗਰਮੀਆਂ ਕਾਰਨ ਪੜ੍ਹਨ ਵਾਲੇ ਹੋਰ ਵਿਦਿਆਰਥੀਆਂ ਦਾ ਵੀ ਨੁਕਸਾਨ ਹੁੰਦਾ ਹੈ। ਅਖੀਰ ਵਿੱਚ ਯੂਐੱਸਐੱਸਐੱਫ ਕੈਂਪਸ ਇੰਚਾਰਜ ਨਿਰਮਲਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਵਿੱਦਿਅਕ ਮਾਹੌਲ ਮੁੜ ਸੁਰਜੀਤ ਕਰਨ ਲਈ ਹਰੇਕ ਕੋਸ਼ਿਸ਼ ਕੀਤੀ ਜਾਵੇਗੀ। ਇਨ੍ਹਾਂ ਨਿਯਮਾਂ ਅਨੁਸਾਰ ਹੁਣ ਵਿਦਿਆਰਥਣਾਂ ਦੇ ਹੋਸਟਲ ਰਾਤ 9 ਵਜੇ ਬੰਦ ਹੋ ਜਾਇਆ ਕਰਨਗੇ ਅਤੇ ਜਿਸ ਵਿਦਿਆਰਥਣ ਨੇ ਪੇਪਰਾਂ ਸਮੇਂ ਜਾਂ ਪੜ੍ਹਾਈ ਨਾਲ ਸਬੰਧਤ ਕੋਈ ਵੀ ਸਰਗਰਮੀ ਕਰਨੀ ਹੈ ਤਾਂ ਉਹ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਵਿੱਚ ਰਾਤ ਸਮੇਂ 9:11 ਵਜੇ ਤਕ ਪੜ੍ਹ ਸਕਦੀ ਹੈ ਅਤੇ ਇਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥਣਾਂ ਦੀ ਸਹੂਲਤ ਲਈ ਰਾਤ ਸਮੇਂ ਬੱਸ ਚਲਾਈ ਗਈ ਹੈ ਅਤੇ ਬੱਸ ਰਾਹੀਂ ਆਉਣਾ-ਜਾਣਾ ਯਕੀਨੀ ਬਣਾਇਆ ਹੈ। ਜ਼ਿਕਰਯੋਗ ਹੈ ਕਿ ਇਸ ਨਿਯਮ ਨੂੰ ਮੁੜ ਲਾਗੂ ਕਰਨ ਤੋਂ ਪਹਿਲਾਂ ਬਹੁਤਾਤ ਪਰਿਵਾਰਾਂ ਨੂੰ ਰਾਤ ਸਮੇਂ ਵਿਦਿਆਰਥਣ ਹੋਸਟਲਾਂ ਦੇ ਰਾਤ ਨੂੰ ਖੁੱਲਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਇਸ ਬਾਰੇ ਪ੍ਰਸ਼ਾਸਨ ਵੱਲੋਂ ਕੋਈ ਜਾਣਕਾਰੀ ਦਿੱਤੀ ਜਾਂਦੀ ਸੀ, ਜਿਸ ਕਰ ਕੇ ਕੁਝ ਇਸ ਸਹੂਲਤ ਦਾ ਨਾਜਾਇਜ਼ ਲਾਭ ਲੈਂਦੇ ਸਨ। ਇਸ ਅਸੱਭਿਅਕ ਮਾਹੌਲ ਦਾ ਕੈਂਪਸ ਰੈਜ਼ੀਡੈਂਟਸ, ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟ ਫੈੱਡਰੇਸ਼ਨ, ਬੀਬੀ ਉਪਕਾਰ ਕੌਰ ਗਰਲਜ਼ ਵਿੰਗ, ਆਰਐੱਸਏ ਅਤੇ ਬੁੱਢਾ ਦਲ ਦੇ ਵਿਦਿਆਥੀਆਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਸਾਲ 2018 ਦੇ ਬਣੇ ਨਿਯਮ ਲਾਗੂ ਕਰ ਦਿੱਤੇ ਗਏ। ਇਸ ਸਬੰਧੀ ਵਿਦਿਆਰਥੀ ਆਗੂ ਕੁਲਵਿੰਦਰ ਸਿੰਘ ਨੇ ਕਿਹਾ ਕਿ 2018 ਤੋਂ 2026 ਤਕ ਹੋਸਟਲ ਤੋਂ ਲਾਇਬ੍ਰੇਰੀ ਤਕ ਦਾ ਸਮਾਂ 9:11 ਵਜੇ ਤਕ ਦੀ ਪ੍ਰਥਾ ਚੱਲਦੀ ਆ ਰਹੀ ਹੈ, ਜਿਸ ਦਾ ਹੋਸਟਲ ਵਸਨੀਕ ਵਿਦਿਆਰਥਣਾਂ ਨੂੰ ਵੀ ਪਤਾ ਹੈ, ਪਰ ਇਹ ਬਿਲਕੁਲ ਝੂਠ ਹੈ ਕਿ ਲਾਇਬ੍ਰੇਰੀ ਜਾਂ ਕਿਤਾਬਾਂ ਖੋਹ ਲਈਆਂ ਹਨ।