ਕਾਰ ਚਾਲਕ ਨੇ ਪੁਲਿਸ ਨਾਕਾ ਤੋੜਿਆ, ਮੁਲਾਜ਼ਮ ਹੋਇਆ ਜ਼ਖ਼ਮੀ
ਕਾਰ ਚਾਲਕ ਨੇ ਪੁਲਿਸ ਨਾਕਾ ਤੋੜਿਆ, ਮੁਲਾਜਮ ਹੋਇਆ ਜਖਮੀਂ
Publish Date: Sat, 28 Feb 2026 06:45 PM (IST)
Updated Date: Sat, 28 Feb 2026 06:46 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਅਰਬਨ ਅਸਟੇਟ ਪੁਲਿਸ ਸਟੇਸ਼ਨ ਖੇਤਰ ਵਿੱਚ ਇੱਕ ਨਾਕੇ ਦੌਰਾਨ ਇੱਕ ਕਾਰ ਚਾਲਕ ਨੇ ਭੱਜਦੇ ਹੋਏ ਇੱਕ ਏਐੱਸਆਈ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ 27 ਫਰਵਰੀ ਦੀ ਸ਼ਾਮ ਨੂੰ ਵਾਪਰੀ ਹੈ। ਪੁਲਿਸ ਨੇ ਵਾਹਨ ਨੰਬਰ ਦੇ ਆਧਾਰ ’ਤੇ ਪਰਚਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਪਰ ਇਸ ਦੀ ਹਾਲੇ ਤਕ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਏਐੱਸਆਈ ਅਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਇਸ ਸਬੰਧੀ ਮਾਮਲਾ ਦਰਜ ਕੀਤਾ ਹੈ। ਦਰਜ ਕੀਤੇ ਗਏ ਮਾਮਲੇ ਅਨੁਸਾਰ ਏਐੱਸਆਈ ਅਮਨਦੀਪ ਸਿੰਘ ਅਤੇ ਪੁਲਿਸ ਟੀਮ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਸਾਧੂ ਬੇਲਾ ਰੋਡ ’ਤੇ ਕਾਲੇ ਰੰਗ ਦੀਆਂ ਸਵਿਫਟ ਡਿਜ਼ਾਇਰ ਕਾਰ ਜਾ ਰਹੀ ਸੀ। ਪੁਲਿਸ ਟੀਮ ਨੇ ਨਾਕਾ ਲਗਾਇਆ ਅਤੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਜਿਵੇਂ ਹੀ ਕਾਰ ਨਾਕੇ ਦੇ ਨੇੜੇ ਆਈ, ਉਸ ਨੇ ਅਚਾਨਕ ਰਫ਼ਤਾਰ ਫੜ ਲਈ, ਜਿਸ ਕਾਰਨ ਨੇੜੇ ਖੜ੍ਹੇ ਏਐੱਸਆਈ ਅਮਨਦੀਪ ਸਿੰਘ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪੁਲਿਸ ਮੁਲਾਜਮ ਅਮਨਦੀਪ ਸਿੰਘ ਅਨੁਸਾਰ ਜੇਕਰ ਉਹ ਇੱਕ ਪਾਸੇ ਨਾ ਛਾਲ ਮਾਰਦਾ, ਤਾਂ ਕਾਰ ਚਾਲਕ ਉਸ ਨੂੰ ਟੱਕਰ ਮਾਰ ਦਿੰਦਾ। ਕਾਰ ਚਲਾ ਰਿਹਾ ਨੌਜਵਾਨ 20 ਤੋਂ 25 ਸਾਲ ਦੀ ਉਮਰ ਦਾ ਜਾਪਦਾ ਸੀ। ਇਸ ਘਟਨਾ ਵਿੱਚ ਅਮਨਦੀਪ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ।