ਬਦਲਿਆ ਜਾਵੇਗਾ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦਾ ਨਾਂ
ਬਦਲਿਆ ਜਾਵੇਗਾ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦਾ ਨਾਂ
Publish Date: Sat, 28 Feb 2026 06:26 PM (IST)
Updated Date: Sat, 28 Feb 2026 06:28 PM (IST)

- ਅਕਾਦਮਿਕ ਕੌਂਸਲ ਨੇ ਨਾਂ ਬਦਲਣ ਦੀ ਦਿੱਤੀ ਮਨਜ਼ੂਰੀ - ਅਗਲੀ ਕਾਰਵਾਈ ਲਈ ਕਾਰਜਕਾਰੀ ਕੌਂਸਲ ਤੇ ਸੂਬਾ ਸਰਕਾਰ ਨੂੰ ਭੇਜਿਆ ਮਤਾ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੀ ਅਕਾਦਮਿਕ ਕੌਂਸਲ ਨੇ ਸੰਸਥਾ ਦੇ ਨਾਂ ਤੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਂ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ। ਯੂਨੀਵਰਸਿਟੀ ਦਾ ਨਾਂ ਬਦਲ ਕੇ ਨੈਸ਼ਨਲ ਲਾਅ ਯੂਨੀਵਰਸਿਟੀ ਪੰਜਾਬ ਕਰ ਦਿੱਤਾ ਗਿਆ ਹੈ। ਵਾਈਸ ਚਾਂਸਲਰ ਪ੍ਰੋ. ਜੈਸ਼ੰਕਰ ਸਿੰਘ ਨੇ ਪੁਸ਼ਟੀ ਕੀਤੀ ਕਿ ਅਕਾਦਮਿਕ ਕੌਂਸਲ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਕੇ ਅਗਲੇਰੀ ਕਾਰਵਾਈ ਲਈ ਯੂਨੀਵਰਸਿਟੀ ਦੀ ਕਾਰਜਕਾਰੀ ਕੌਂਸਲ ਅਤੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਇਸ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਵਿਧਾਨ ਸਭਾ ਵੱਲੋਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਐਕਟ, 2006 ਰਾਹੀਂ ਕੀਤੀ ਗਈ ਸੀ। ਇਸ ਨੇ 26 ਮਈ 2006 ਨੂੰ ਪਟਿਆਲਾ ਦੀ ਇਤਿਹਾਸਕ ਇਮਾਰਤ ਮਹਿੰਦਰਾ ਕੋਠੀ ਤੋਂ ਆਪਣਾ ਕੰਮਕਾਜ ਸ਼ੁਰੂ ਕੀਤਾ ਸੀ। ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਦਾ ਧਰੁਵੀਕਰਨ ਕਰਨ ਦੀ ਇੱਕ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਕਰਾਰ ਦਿੱਤਾ ਹੈ। ਡਾ. ਗਾਂਧੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਸਤੇ ਸਿਆਸੀ ਲਾਹੇ ਲਈ ਮਿਲੀਭੁਗਤ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਭਰ ਵਿੱਚ ਕਾਂਗਰਸ ਦੀ ਵਿਰਾਸਤ ਨਾਲ ਜੁੜੀਆਂ ਸੰਸਥਾਵਾਂ ਦੇ ਨਾਂ ਬਦਲ ਕੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾ. ਗਾਂਧੀ ਅਨੁਸਾਰ ਇਹ ਕਦਮ ਸਿੱਖਿਆ, ਸਿਹਤ, ਬੇਰੁਜ਼ਗਾਰੀ ਅਤੇ ਵਾਤਾਵਰਣ ਵਰਗੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਚੁੱਕਿਆ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕੀਤੀ ਸੀ ਮੰਗ : ਮਿਸਲ ਸਤਲੁਜ ਜਥੇਬੰਦੀ ਦੇ ਯੂਥ ਆਗੂ ਯਾਦਵਿੰਦਰ ਸਿੰਘ ਯਾਦੂ ‘ਅਲਾਲ’ ਨੇ ਲਾਅ ਯੂਨੀਵਰਸਿਟੀ ਦੇ ਨਾਮ ਤੋਂ ਰਾਜੀਵ ਗਾਂਧੀ ਦਾ ਨਾਮ ਹਟਾਉਣ ਸਬੰਧੀ ਕੀਤੀ ਗਈ ਸਿਫਾਰਸ਼ ਦਾ ਸਵਾਗਤ ਕਰਦਿਆਂ ਇਸ ਨੂੰ ਇਤਿਹਾਸਕ ਅਤੇ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਗਿਆ। ਯਾਦੂ ਨੇ ਦੱਸਿਆ ਕਿ ਦੋ ਨਵੰਬਰ 2025 ਨੂੰ ਮਿਸਲ ਸਤਲੁਜ ਵੱਲੋਂ ਯੂਨੀਵਰਸਿਟੀ ਦੇ ਬਾਹਰ ਨਾਮ ਬਦਲਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ, ਵਿਦਿਆਰਥੀ ਸੰਗਠਨਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਇਸ ਮਾਮਲੇ ਵਿੱਚ ਸਮਰਥਨ ਦੇਣ ਦੀ ਅਪੀਲ ਕੀਤੀ ਸੀ। ਇਸ ਉਪਰੰਤ 3 ਨਵੰਬਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਮਸਲੇ ਦੀ ਤਾਈਦ ਕਰਦਿਆਂ ਯੂਨੀਵਰਸਿਟੀ ਦੇ ਨਾਮ ਵਿੱਚੋਂ ਰਾਜੀਵ ਗਾਂਧੀ ਦਾ ਨਾਮ ਹਟਾਉਣ ਦੀ ਮੰਗ ਕੀਤੀ ਗਈ ਸੀ।