ਫ਼ੋਕਲ ਪੁਆਇੰਟ ਦੀ ਬਦਲੇਗੀ ਨੁਹਾਰ, ਵਪਾਰੀ ਭਾਈਚਾਰੇ ਦੀ ਲੰਬੇ ਸਮੇਂ ਦੀ ਮੰਗ ਹੋਈ ਪੂਰੀ
ਫ਼ੋਕਲ ਪੁਆਇੰਟ ਦੀ ਬਦਲੇਗੀ ਨੁਹਾਰ, ਵਪਾਰੀ ਭਾਈਚਾਰੇ ਦੀ ਲੰਬੇ ਸਮੇਂ ਦੀ ਮੰਗ ਹੋਈ ਪੂਰੀ
Publish Date: Sat, 28 Feb 2026 06:16 PM (IST)
Updated Date: Sat, 28 Feb 2026 06:19 PM (IST)

- 2.50 ਕਰੋੜ ਦੀ ਲਾਗਤ ਨਾਲ ਬਣਨਗੀਆਂ ਸੜਾਕਾਂ, ਮੇਅਰ ਤੇ ਰਣਜੋਧ ਹਢਾਣਾ ਨੇ ਕਰਵਾਈ ਸ਼ੁਰੂਆਤ - ਮਾਨ ਸਰਕਾਰ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਬਿਹਤਰ ਬੁਨਿਆਦੀ ਢਾਂਚਾ ਦੇਣ ਲਈ ਵਚਨਬੱਧ : ਹਡਾਣਾ, ਮੇਅਰ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਪਟਿਆਲਾ ਦੇ ਫ਼ੋਕਲ ਪੁਆਇੰਟ ਵਿਖੇ ਵਿਕਾਸ ਕਾਰਜਾਂ ਦੀ ਵੱਡੀ ਸ਼ੁਰੂਆਤ ਕੀਤੀ ਗਈ। ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਅਤੇ ਮੇਅਰ ਕੁੰਦਨ ਗੋਗੀਆ ਪਟਿਆਲਾ ਨੇ ਸਾਂਝੇ ਤੌਰ ’ਤੇ ਫ਼ੋਕਲ ਪੁਆਇੰਟ ਦੀਆਂ ਖ਼ਸਤਾ ਹਾਲ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਦਯੋਗਪਤੀਆਂ ਅਤੇ ਵਪਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਣਜੋਧ ਸਿੰਘ ਹਡਾਣਾ ਅਤੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਫ਼ੋਕਲ ਪੁਆਇੰਟ ਦੀਆਂ ਸੜਕਾਂ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਹੋਈਆਂ ਸਨ, ਜਿਸ ਕਾਰਨ ਇੱਥੇ ਕੰਮ ਕਰਦੇ ਵਪਾਰੀਆਂ ਅਤੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਵਪਾਰੀ ਭਾਈਚਾਰਾ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਉਨ੍ਹਾਂ ਨੂੰ ਬਿਹਤਰ ਸੜਕੀ ਸੰਪਰਕ ਤੇ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਨੀਤੀਆਂ ਬਣਾਈਆਂ ਗਈਆਂ ਹਨ। ਫ਼ੋਕਲ ਪੁਆਇੰਟ ਪਟਿਆਲਾ ਵਿਖੇ ਢਾਈ ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਇਹ ਸੜਕਾਂ ਨਾ ਸਿਰਫ਼ ਆਵਾਜਾਈ ਨੂੰ ਸੁਖਾਲਾ ਬਣਾਉਣਗੀਆਂ, ਸਗੋਂ ਇੱਥੇ ਨਵੇਂ ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਨਗੀਆਂ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਸੜਕਾਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਮਟੀਰੀਅਲ ਦੀ ਗੁਣਵੱਤਾ ਵਿੱਚ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਕੰਮ ਨੂੰ ਮਿੱਥੇ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਸਰਕਾਰ ਮਿਲ ਕੇ ਪਟਿਆਲਾ ਸ਼ਹਿਰ ਦੇ ਹਰ ਕੋਨੇ ਨੂੰ ਵਿਕਾਸ ਦੀ ਲੀਹ ’ਤੇ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੋਕਲ ਪੁਆਇੰਟ ਦੇ ਵਪਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਿਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇੱਥੇ ਸਟਰੀਟ ਲਾਈਟਾਂ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਵਿੱਚ ਵੀ ਵੱਡਾ ਸੁਧਾਰ ਵੀ ਦੇਖਣ ਨੂੰ ਮਿਲੇਗਾ। ਇਸ ਮੌਕੇ ਪ੍ਰਦੀਪ ਜੋਸਨ ਪ੍ਰਧਾਨ ਨਗਰ ਕੌਂਸਲ ਸਨੌਰ, ਹਰਪ੍ਰੀਤ ਸਿੰਘ ਘੁਮਾਣ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਸਰਪੰਚ ਅਤੇ ਬਲਾਕ ਪ੍ਰਧਾਨ, ਅਸ਼ੋਕ ਸਿੰਗਲਾ ਚੇਅਰਮੈਨ, ਅਰੁਣ ਗੁਪਤਾ ਵਾਈਸ ਚੇਅਰਮੈਨ, ਲਾਲੀ ਵਾਈਸ ਚੇਅਰਮੈਨ , ਕਮਲ ਜਨਰਲ ਸੈਕਟਰੀ, ਰਾਹੁਲ ਤਹਿਲ ਜੁਆਇੰਟ ਸੈਕਟਰੀ, ਅਸ਼ਵਨੀ ਕੁਮਾਰ ਪ੍ਰਧਾਨ, ਕਪਿਲ ਗੁਪਤਾ ਵਾਈਸ ਪ੍ਰਧਾਨ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਵਪਾਰ ਮੰਡਲ ਦੇ ਨੁਮਾਇੰਦੇ, ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।