ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਦੋ ਗ੍ਰਿਫ਼ਤਾਰ, ਪੰਜ ਵਾਰਦਾਤਾਂ ਟਰੇਸ ਕੀਤੀਆਂ
ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਦੋ ਗ੍ਰਿਫਤਾਰ, ਪੰਜ ਵਾਰਦਾਤਾਂ ਟਰੇਸ ਕੀਤੀਆਂ
Publish Date: Sat, 28 Feb 2026 06:04 PM (IST)
Updated Date: Sat, 28 Feb 2026 06:04 PM (IST)

- ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਅਰਬਨ ਅਸਟੇਟ ਇਲਾਕੇ ਵਿੱਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸ਼ੁਭਮ ਅਤੇ ਮਨੀ ਵਾਸੀ ਨਜ਼ਦੀਕ ਗੁਰਦੁਆਰਾ ਸਾਹਿਬ ਬੌੜਾ ਗੇਟ ਨਾਭਾ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਨੇ ਸਾਧੂ ਬੇਲਾ ਰੋਡ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਜਾਅਲੀ ਨੰਬਰ ਪਲੇਟ ਲਗਾ ਕੇ ਬਾਈਕ ’ਤੇ ਘੁੰਮ ਰਹੇ ਸਨ ਅਤੇ ਪੁਲਿਸ ਪਾਰਟੀ ਨੇ ਇਨ੍ਹਾਂ ਨੂੰ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਇੱਕ ਜਾਅਲੀ ਨੰਬਰ ਪਲੇਟ ਲੱਗੀ ਬਾਈਕ ਅਤੇ ਇੱਕ ਦਾਤਰ ਵੀ ਬਰਾਮਦ ਕੀਤਾ ਗਿਆ ਹੈ। ਥਾਣਾ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਮਰਾਓ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਇਨ੍ਹਾਂ ਲੋਕਾਂ ਨੇ ਸ਼ਹਿਰ ਵਿੱਚ ਛੇ ਤੋਂ ਵੱਧ ਵਾਰਦਾਤਾਂ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਪੰਜ ਵਾਰਦਾਤਾਂ ਕਬੂਲ ਕਰ ਲਈਆਂ ਹਨ। ਇਨ੍ਹਾਂ ਦਾ ਪੂਰਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਸਾਰੇ ਕੇਸਾਂ ਵਿੱਚ ਬਰਾਮਦਗੀ ਕੀਤੀ ਜਾ ਸਕੇ। ਹਥਿਆਰ ਨਾਲ ਹਮਲਾ ਕਰ ਕੇ ਲੁੱਟਦੇ ਸਨ ਮੁਲਜ਼ਮ : ਦਰਜ ਮਾਮਲੇ ਅਨੁਸਾਰ ਏਐੱਸਆਈ ਅਮਨਦੀਪ ਸਿੰਘ ਅਤੇ ਪੁਲਿਸ ਪਾਰਟੀ ਸਾਧੂ ਬੇਲਾ ਰੋਡ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਘੁੰਮ ਰਹੇ ਹਨ। ਇਹ ਮੁਲਜ਼ਮ ਲੋਕਾਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਫ਼ੋਨ ਅਤੇ ਨਕਦੀ ਲੁੱਟਦੇ ਹਨ ਅਤੇ ਸੁੰਨਸਾਨ ਇਲਾਕੇ ਵਿੱਚ ਵਾਰਦਾਤ ਨੂੰ ਅੰਜਾਮ ਦਿੰਦੇ ਸਨ। 24 ਫਰਵਰੀ ਨੂੰ ਵੀ ਸ਼ਾਮ ਦੇ ਸਮੇਂ ਇਨ੍ਹਾਂ ਦੋਵਾਂ ਨੇ ਵਰਧਮਾਨ ਹਸਪਤਾਲ ਦੇ ਨਜ਼ਦੀਕ ਇੱਕ ਨੌਜਵਾਨ ਤੋਂ ਦਾਤਰ ਦਿਖਾ ਕੇ ਫ਼ੋਨ ਲੁੱਟਣ ਦੀ ਵਾਰਦਾਤ ਕੀਤੀ ਸੀ। ਇਸ ਕਾਰਨ ਪੁਲਿਸ ਨੇ ਨਾਕੇਬੰਦੀ ਸਖ਼ਤ ਕਰਦਿਆਂ ਸਾਧੂ ਬੇਲਾ ਰੋਡ ’ਤੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਸੀ। ਚੈਕਿੰਗ ਦੌਰਾਨ ਬਾਈਕ ਦੀ ਨੰਬਰ ਪਲੇਟ ਜਾਅਲੀ ਪਾਈ ਗਈ ਤਾਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਇੰਨਾ ਹੀ ਨਹੀਂ, ਬਾਈਕ ਦੇ ਇੱਕ ਪਾਸੇ ਛੁਪਾਇਆ ਹੋਇਆ ਦਾਤਰ ਵੀ ਬਰਾਮਦ ਹੋਇਆ, ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਇਹ ਲੋਕ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ। ਇਸ ਤੋਂ ਬਾਅਦ ਕੇਸ ਦਰਜ ਕਰ ਕੇ ਇਨ੍ਹਾਂ ਦੋਵਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।