ਨਿਆਂਪਾਲਿਕਾ ’ਚ ਆਮ ਆਦਮੀ ਦਾ ਵਿਸ਼ਵਾਸ ਬਹਾਲ ਕੀਤਾ : ਪੰਨੂ
ਨਿਆਂਪਾਲਿਕਾ ਵਿੱਚ ਆਮ ਆਦਮੀ ਦਾ ਵਿਸ਼ਵਾਸ ਮੁੜ ਬਹਾਲ ਕੀਤਾ: ਬਲਤੇਜ ਪੰਨੂ
Publish Date: Sat, 28 Feb 2026 05:28 PM (IST)
Updated Date: Sat, 28 Feb 2026 05:28 PM (IST)

- ‘ਆਪ’ ਨੇ ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ ਦੀ ਖੁਸ਼ੀ ਮਨਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਦਿੱਲੀ ਦੀ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਹੋਰਨਾਂ ਨੂੰ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਬਰੀ ਕਰਨ ਦੇ ਇਤਿਹਾਸਕ ਫੈਸਲੇ ਨੇ ਉਸ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ ਹੈ, ਜੋ ਕਿ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਸੀ। ਪੰਨੂ ਨੇ ਕਿਹਾ ਕਿ ਅਦਾਲਤ ਨੇ ਖੁਦ ਇਸ ਕੇਸ ਨੂੰ ਅੱਗੇ ਚਲਾਉਣ ਦੇ ਅਯੋਗ ਪਾਇਆ ਹੈ। ਉਨ੍ਹਾਂ ਕਿਹਾ ਕਿ ਕੋਈ ਰਿਕਵਰੀ ਨਹੀਂ ਹੋਈ, ਕੋਈ ਨਕਦੀ ਨਹੀਂ ਮਿਲੀ, ਕੋਈ ਦਸਤਾਵੇਜ਼ ਨਹੀਂ ਮਿਲਿਆ, ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜੋ ਮੁਕੱਦਮੇ ਨੂੰ ਟਿਕਾ ਸਕੇ। ਅਦਾਲਤ ਨੇ ਆਪਣੇ ਵਿਸਤ੍ਰਿਤ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਬਿਨਾਂ ਕਿਸੇ ਆਧਾਰ ਦੇ ਕੇਸ ਜਾਰੀ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਂਹ ਸਿੱਖਿਆ ਅਤੇ ਸਿਹਤ ਸੰਭਾਲ ਦੇ ਥੰਮ੍ਹਾਂ ਤੇ ਰੱਖੀ ਗਈ ਸੀ ਅਤੇ ਦਿੱਲੀ ਵਿੱਚ ਮੁਹੱਲਾ ਕਲੀਨਿਕਾਂ ਅਤੇ ਸਰਕਾਰੀ ਸਕੂਲਾਂ ਦੇ ਸੁਧਾਰਾਂ ਵਰਗੀਆਂ ਤਬਦੀਲੀ ਲਿਆਉਣ ਵਾਲੀਆਂ ਪਹਿਲਕਦਮੀਆਂ ਨੇ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੀ ਸੁਧਾਰ ਹੁਣ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ, ਜਿੱਥੇ ਨਵੇਂ ਕਲੀਨਿਕ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਇਤਿਹਾਸਕ ਅਕਾਦਮਿਕ ਪ੍ਰਾਪਤੀਆਂ ਜ਼ਮੀਨੀ ਪੱਧਰ ਤੇ ਅਸਲ ਤਬਦੀਲੀ ਨੂੰ ਦਰਸਾਉਂਦੀਆਂ ਹਨ। ਪੰਨੂ ਨੇ ਉਨ੍ਹਾਂ ਨਿਆਂਪਾਲਿਕਾ ਦਾ ਧੰਨਵਾਦ ਕੀਤਾ ਅਤੇ ਡਾ. ਬੀਆਰ ਅੰਬੇਡਕਰ ਨੂੰ ਅਜਿਹਾ ਸੰਵਿਧਾਨ ਬਣਾਉਣ ਲਈ ਸ਼ਰਧਾਂਜਲੀ ਭੇਟ ਕੀਤੀ ਜੋ ਇਨਸਾਫ਼ ਦੀ ਰਾਖੀ ਕਰਦਾ ਹੈ। ਇਸ ਫੈਸਲੇ ਨੂੰ ਇਮਾਨਦਾਰ ਰਾਜਨੀਤੀ ਦੀ ਜਿੱਤ ਕਰਾਰ ਦਿੰਦਿਆਂ ਪੰਨੂ ਨੇ ਕਿਹਾ ਕਿ ਇਸ ਨਾਲ ਅਦਾਲਤਾਂ ਵਿੱਚ ਵਿਸ਼ਵਾਸ ਮਜ਼ਬੂਤ ਹੋਇਆ ਹੈ ਅਤੇ ਦੇਸ਼ ਭਰ ਵਿੱਚ ਆਪ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੋਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਸਾਨੂੰ ਕੱਲ੍ਹ ਵੀ ਆਪਣੇ ਆਗੂਆਂ ਤੇ ਮਾਣ ਸੀ, ਅੱਜ ਵੀ ਮਾਣ ਹੈ ਅਤੇ ਹਮੇਸ਼ਾ ਮਾਣ ਰਹੇਗਾ। ਇਸ ਉਪਰੰਤ ਉਨ੍ਹਾਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਅਨਾਰਦਾਣਾ ਚੌਕ ਵਿਖੇ ਖੁਸ਼ੀ ਪ੍ਰਗਟਾਉਂਦਿਆਂ ਮਿਠਾਈ ਵੀ ਵੰਡੀ। ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਮਹਿਲਾ ਵਿੰਗ ਦੇ ਆਗੂ ਵੀਰਪਾਲ ਕੌਰ ਚਹਿਲ, ਗੁਰਵਿੰਦਰ ਸਿੰਘ, ਜਿਲ੍ਹਾ ਮੀਡੀਆ ਇੰਚਾਰਜ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਅਭਿਸ਼ੇਕ ਸ਼ਰਮਾ, ਸੰਦੀਪ ਬੰਧੂ, ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਮਨਦੀਪ ਸਿੰਘ ਰਾਜਾ, ਆਰ ਸੀ ਗੁਪਤਾ, ਅਮਰਿੰਦਰ ਸਿੰਘ ਰਵੀ ਕੁਮਾਰ, ਜਸਵਿੰਦਰ ਸਿੰਘ ਰਿੰਪਾ, ਰਾਜਵੀਰ ਸਿੰਘ ਅਤੇ ਹੋਰ ਹਾਜ਼ਰ ਸਨ।