ਸਪੋਰਟਸ ਯੂਨੀਵਰਸਿਟੀ ’ਚ ਨਵੇਂ ਸੈਸ਼ਨ ਤੋਂ ਪੀਐੱਚਡੀ ਪ੍ਰੋਗਰਾਮ ਸ਼ੁਰੂ : ਵੀਸੀ
ਸਪੋਰਟਸ ਯੂਨੀਵਰਸਿਟੀ ’ਚ ਨਵੇ ਸੈਸ਼ਨ ਤੋਂ ਪੀ.ਐਚ.ਡੀ. ਪ੍ਰੋਗਰਾਮ ਸ਼ੁਰੂ: ਵੀਸੀ ਡਾ. ਗਿੱਲ
Publish Date: Sat, 28 Feb 2026 05:22 PM (IST)
Updated Date: Sat, 28 Feb 2026 05:25 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਅਕਾਦਮਿਕ ਅਤੇ ਖੋਜ ਉੱਤਮਤਾ ਦੀ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ (ਐੱਮਬੀਐੱਸਪੀਐੱਸਯੂ) ਪਟਿਆਲਾ ਨੇ ਅਕਾਦਮਿਕ ਸੈਸ਼ਨ 2026-27 ਤੋਂ ਡਾਕਟਰ ਆਫ਼ ਫਿਲਾਸਫੀ (ਪੀਐੱਚਡੀ) ਪ੍ਰੋਗਰਾਮ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਾਈਸ ਚਾਂਸਲਰ ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਸਥਾ ਨੂੰ ਉੱਤਮਤਾ ਦੀਆਂ ਨਵੀਆਂ ਉਚਾਈਆਂ ’ਤੇ ਪਹੁੰਚਾਉਣ ਦੇ ਉਦੇਸ਼ ਨਾਲ ਐੱਮਬੀਐੱਸਪੀਐੱਸਯੂ ਯੂਨੀਵਰਸਿਟੀ ਨਵੀਨ ਅਕਾਦਮਿਕ ਪਹਿਲਕਦਮੀਆਂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਡਾ. ਗਿੱਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਯੋਗ ਫੈਕਲਟੀ, ਲੈਬਾਟਰੀਆਂ ਲਈ ਢੁੱਕਵਾਂ ਬੁਨਿਆਦੀ ਢਾਂਚਾ ਅਤੇ ਢਾਂਚਾਗਤ ਅਕਾਦਮਿਕ ਪ੍ਰਣਾਲੀਆਂ ਦੀ ਉਪਲਬਧਤਾ ਦੇ ਨਾਲ ਐੱਮਬੀਐੱਸਪੀਐੱਸਯੂ ਯੂਨੀਵਰਸਿਟੀ ਡਾਕਟਰੇਟ ਪ੍ਰੋਗਰਾਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਇਹ ਪੀਐੱਚਡੀ ਪ੍ਰੋਗਰਾਮ ਚਾਰ ਤਰਜੀਹੀ ਖੋਜ ਖੇਤਰਾਂ-ਸਪੋਰਟਸ ਬਾਇਓਮਕੈਨਿਕਸ, ਐਕਸਰਸਾਈਜ਼ ਫਿਜ਼ੀਓਲੋਜੀ, ਸਪੋਰਟਸ ਸਾਈਕੋਲੋਜੀ ਅਤੇ ਸਪੋਰਟਸ ਮੈਨੇਜਮੈਂਟ ਤੇ ਗਵਰਨੈਂਸ ਵਿੱਚ ਪੇਸ਼ ਕੀਤਾ ਜਾਵੇਗਾ। ਵਾਈਸ ਚਾਂਸਲਰ ਨੇ ਕਿਹਾ ਕਿ ਇਹ ਪ੍ਰੋਗਰਾਮ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਨਵੇਂ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਦੇ ਨਾਲ ਨਾਲ ਯੂਨੀਵਰਸਿਟੀ ਐਕਟ ਅਧੀਨ ਕਾਨੂੰਨੀ ਪ੍ਰਬੰਧਾਂ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ। ਚੋਰੀ ਸਬੰਧੀ ਨਿਗਰਾਨ ਪ੍ਰਣਾਲੀ ਹੋਵੇਗੀ ਸਥਾਪਤ : ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਯੂਨੀਵਰਸਿਟੀ ਸਮਰਪਿਤ ਖੋਜ ਸ਼ਾਸਨ ਢਾਂਚੇ ਸਥਾਪਤ ਕਰੇਗੀ, ਜਿਸ ਵਿੱਚ ਇੱਕ ਖੋਜ ਡਿਗਰੀ ਕਮੇਟੀ (ਆਰਡੀਸੀ), ਵਿਭਾਗੀ ਖੋਜ ਕਮੇਟੀਆਂ (ਡੀਆਰਸੀ), ਖੋਜ ਸਲਾਹਕਾਰ ਕਮੇਟੀਆਂ (ਆਰਏਸੀ), ਇੱਕ ਯੂਨੀਵਰਸਿਟੀ ਖੋਜ ਨੈਤਿਕਤਾ ਕਮੇਟੀ ਅਤੇ ਸਾਹਿਤ/ਕੰਮ ਦੀ ਚੋਰੀ ਸਬੰਧੀ ਨਿਗਰਾਨ ਪ੍ਰਣਾਲੀ ਸ਼ਾਮਲ ਹੋਵੇਗੀ। ਡਾ. ਗਿੱਲ ਨੇ ਦੱਸਿਆ ਕਿ ਪਹਿਲੇ ਸਾਲ ਦੌਰਾਨ ਦਾਖਲੇ ਲਈ ਸੀਟਾਂ ਦੀ ਗਿਣਤੀ ਸੀਮਤ ਅਤੇ ਪੂਰੀ ਤਰ੍ਹਾਂ ਸੁਪਰਵਾਈਜ਼ਰ ਯੋਗਤਾ, ਪ੍ਰਯੋਗਸ਼ਾਲਾ ਦੀ ਤਿਆਰੀ ਅਤੇ ਖੋਜ ਬੁਨਿਆਦੀ ਢਾਂਚੇ ਦੀ ਉਪਲਬਧਤਾ ’ਤੇ ਆਧਾਰਤ ਹੋਵੇਗੀ। ਲਾਗੂਕਰਨ ਯੋਜਨਾ ਦੇ ਹਿੱਸੇ ਵਜੋਂ ਡਰਾਫਟ ਪੀਐੱਚਡੀ ਆਰਡੀਨੈਂਸ ਅਤੇ ਨਿਯਮਾਂ ਨੂੰ ਕਾਨੂੰਨੀ ਪ੍ਰਵਾਨਗੀ ਲਈ ਅਕਾਦਮਿਕ ਕੌਂਸਲ ਅਤੇ ਕਾਰਜਕਾਰੀ ਕੌਂਸਲ ਦੇ ਸਾਹਮਣੇ ਰੱਖਿਆ ਜਾਵੇਗਾ। ਦਾਖਲਿਆਂ ਦੀ ਨੋਟੀਫਿਕੇਸ਼ਨ ਤੋਂ ਪਹਿਲਾਂ ਬੁਨਿਆਦੀ ਢਾਂਚੇ ਦੀ ਤਿਆਰੀ ਸਬੰਧੀ ਸਰਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਪੰਜ ਸਾਲ ਦਾ ਦ੍ਰਿਸ਼ਟੀਕੋਣ : ਪੰਜ ਸਾਲਾ ਦ੍ਰਿਸ਼ਟੀਕੋਣ ਦੀ ਰੂਪਰੇਖਾ ਬਾਰੇ ਦੱਸਦਿਆਂ ਡਾ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਉੱਚ-ਗੁਣਵੱਤਾ ਵਾਲੀ ਡਾਕਟਰੇਟ ਖੋਜ ਕਰ ਕੇ ਇਸ ਨੂੰ ਮਾਨਤਾ ਪ੍ਰਾਪਤ ਸੂਚੀਬੱਧ ਜਰਨਲਸ ਵਿੱਚ ਪ੍ਰਕਾਸ਼ਤ ਕਰਨਾ, ਇੱਕ ਵਿਸ਼ੇਸ਼ ਖੋਜ ਲੈਬਾਰਟਰੀ ਸਥਾਪਤ ਕਰਨਾ ਅਤੇ ਰਾਸ਼ਟਰੀ ਖੇਡ ਸੰਸਥਾਵਾਂ ਤੇ ਖੋਜ ਸੰਸਥਾਵਾਂ ਨਾਲ ਸਹਿਯੋਗ ਵਿਕਸਤ ਕਰਨਾ ਹੈ। ਡਾ. ਗਿੱਲ ਨੇ ਕਿਹਾ ਕਿ ਪੀਐੱਚਡੀ ਪ੍ਰੋਗਰਾਮ ਦੀ ਸ਼ੁਰੂਆਤ ਐੱਮਬੀਐੱਸਪੀਐੱਸਯੂ ਲਈ ਕਿਸੇ ਮੀਲ ਪੱਥਰ ਤੋਂ ਘੱਟ ਨਹੀਂ ਹੈ, ਜੋ ਪੰਜਾਬ ਅਤੇ ਦੇਸ਼ ਭਰ ਵਿੱਚ ਖੇਡ ਰਿਸਰਚ ਲਈ ਉੱਤਮਤਾ ਦੇ ਇੱਕ ਭਰੋਸੇਯੋਗ ਕੇਂਦਰ ਵਜੋਂ ਉਭਰਨ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਦੇਵੇਗਾ।