ਮਿਹਨਤੀ ਕਰਮਚਾਰੀ ਹੁੰਦੇ ਸੰਸਥਾ ਦਾ ਸਰਮਾਇਆ : ਡਾ. ਖੋਖਰ
ਮਿਹਨਤੀ ਅਤੇ ਇਮਾਨਦਾਰ ਕਰਮਚਾਰੀ ਹੁੰਦੇ ਹਨ ਸੰਸਥਾ ਦਾ ਸਰਮਾਇਆ: ਡਾ. ਖੋਖਰ
Publish Date: Sat, 28 Feb 2026 05:18 PM (IST)
Updated Date: Sat, 28 Feb 2026 05:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਯੂਸਿਕ ਵਿਭਾਗ ਦੀ ਗਲਾਸ ਬਲੋਇੰਗ ਵਰਕਸ਼ਾਪ ਦੇ ਲੈਬ ਸੁਪਰਡੈਂਟ ਜਸਦੇਵ ਸਿੰਘ ਆਪਣੀਆਂ ਬੇਦਾਗ ਸੇਵਾਵਾਂ ਉਪਰੰਤ ਸੇਵਾਮੁਕਤ ਹੋ ਗਏ। ਇਸ ਮੌਕੇ ਉਨ੍ਹਾਂ ਨੂੰ ਯੂਨੀਵਰਸਿਟੀ ਗੈਸਟ ਹਾਊਸ ਵਿਖੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਵਿਦਾਇਗੀ ਪਾਰਟੀ ਵਿੱਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਯੂਨੀਵਰਸਿਟੀ ਸਾਇੰਸ ਇੰਸਟਰੂਮੈਂਟੇਸ਼ਨ ਸੈਂਟਰ (ਯੂਸਿਕ ਵਿਭਾਗ) ਦੇ ਇੰਚਾਰਜ ਡਾ. ਹਰਮਿੰਦਰ ਸਿੰਘ ਖੋਖਰ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਡਾ. ਹਰਮਿੰਦਰ ਸਿੰਘ ਖੋਖਰ ਨੇ ਇਸ ਮੌਕੇ ਕਿਹਾ ਕਿ ਜਸਦੇਵ ਸਿੰਘ ਵਰਗੇ ਮਿਹਨਤੀ ਅਤੇ ਇਮਾਨਦਾਰ ਕਰਮਚਾਰੀ ਕਿਸੇ ਵੀ ਸੰਸਥਾ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਨੇ 40 ਸਾਲ ਦੀ ਆਪਣੀ ਲੰਬੀ ਸੇਵਾ ਦੌਰਾਨ ਵਿਭਾਗ ਦੀਆਂ ਜ਼ਿੰਮੇਵਾਰੀਆਂ ਨੂੰ ਬੜੀ ਤਨਦੇਹੀ ਅਤੇ ਨਿਪੁੰਨਤਾ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਜਸਦੇਵ ਸਿੰਘ ਦਾ ਸੁਭਾਅ ਅਤੇ ਕੰਮ ਪ੍ਰਤੀ ਸਮਰਪਣ ਨਵੇਂ ਕਰਮਚਾਰੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ। ਯੂਸਿਕ ਵਿਭਾਗ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਜਸਦੇਵ ਸਿੰਘ ਨੇ ਆਪਣੇ ਭਾਵ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਲਈ ਸਿਰਫ਼ ਇੱਕ ਕਰਮ-ਭੂਮੀ ਹੀ ਨਹੀਂ, ਸਗੋਂ ਇੱਕ ਪਰਿਵਾਰ ਵਾਂਗ ਰਹੀ ਹੈ। ਇੱਥੇ ਬਿਤਾਏ 40 ਸਾਲ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਵੱਕਾਰੀ ਸੰਸਥਾ ਦੀ ਸੇਵਾ ਕਰ ਸਕੇ ਹਨ। ਉਨ੍ਹਾਂ ਆਪਣੇ ਸਾਥੀ ਕਰਮਚਾਰੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਮੋੜ ’ਤੇ ਉਨ੍ਹਾਂ ਨੂੰ ਸਹਿਯੋਗ ਦਿੱਤਾ। ਇਸ ਮੌਕੇ ਯੂਨੀਵਰਸਿਟੀ ਦੇ ਯੂਸਿਕ ਵਿਭਾਗ ਦੀ ਇਲੈਕਟ੍ਰੋਨਿਕ ਵਰਕਸ਼ਾਪ ਤੋਂ ਇੰਦਰਜੀਤ ਸਿੰਘ, ਸਾਊਂਡ ਵਰਕਸ਼ਾਪ ਤੋਂ ਲਖਵਿੰਦਰ ਸਿੰਘ, ਆਫਿਸ ਇੰਚਾਰਜ ਅਮਨਦੀਪ ਸਿੰਘ ਅਤੇ ਪ੍ਰੀਤਪਾਲ ਸਿੰਘ ਵੀ ਹਾਜ਼ਰ ਸਨ।