ਹੋਸਟਲਾਂ ਦਾ ਸਮਾਂ ਬਦਲਣ ’ਤੇ ਵਾਈਸ ਚਾਂਸਲਰ ਨਾਲ ਖੜ੍ਹੇ ਕੈਂਪਸ ਵਾਸੀ
ਹੋਸਟਲਾਂ ਦਾ ਸਮਾਂ ਬਦਲਣ ’ਤੇ ਵਾਈਸ ਚਾਂਸਲਰ ਨਾਲ ਖੜੇ ਕੈਂਪਸ ਵਾਸੀ
Publish Date: Sat, 21 Feb 2026 06:44 PM (IST)
Updated Date: Sat, 21 Feb 2026 06:45 PM (IST)

- ਵੀਸੀ ਤੇ ਅਥਾਰਟੀ ਦਾ ਫੈਸਲਾ ਲੜਕੀਆਂ ਨੂੰ ਕਰੇਗਾ ਸੁਰੱਖਿਅਤ : ਕੈਂਪਸ ਵਾਸੀ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਲੰਘੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਦਿਆਰਥੀਆਂ ਦੇ ਹੋਸਟਲਾਂ ਦੇ ਪੁਰਾਣੇ ਸਮੇਂ ਨੂੰ ਲਾਗੂ ਕੀਤੇ ਜਾਣ ਦੇ ਫੈਸਲੇ ਦੇ ਹੱਕ ਵਿੱਚ ਹੁਣ ਪੰਜਾਬੀ ਯੂਨੀਵਰਸਿਟੀ ਅੰਦਰ ਰਹਿੰਦੇ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਵੀ ਆ ਖੜ੍ਹੇ ਹਨ। ਸ਼ਨਿਚਰਵਾਰ ਕੈਂਪਸ ਵਾਸੀਆਂ ਨੇ ਇਕੱਠੇ ਹੋ ਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦੇ ਫੈਸਲੇ ਦਾ ਸਵਾਗਤ ਕਰਦਿਆਂ ਸਮੁੱਚੀ ਅਥਾਰਿਟੀ ਦਾ ਧੰਨਵਾਦ ਕੀਤਾ। ਕੈਂਪਸ ਵਾਸੀਆਂ ਨੇ ਵਾਈਸ ਚਾਂਸਲਰ ਨੂੰ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਮਾਲਵਾ ਖੇਤਰ ਦਾ ਇਕ ਵੱਡਾ ਵਿਦਿਅਕ ਅਦਾਰਾ ਹੈ ਜਿੱਥੇ ਪੇਂਡੂ ਖੇਤਰ ਦੇ ਗ਼ਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਸਸਤੀ ਤੇ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਲੜਕੀਆਂ ਦੀ ਸੁਰੱਖਿਆ ਦੇ ਲਿਹਾਜ ਨਾਲ ਕੀਤਾ ਇਹ ਫੈਸਲਾ ਬਹੁਤ ਸ਼ਲਾਘਾਯੋਗ ਹੈ। ਇਸ ਕਾਰਜ ਨਾਲ ਯੂਨੀਵਰਸਿਟੀ ਅੰਦਰ ਫਿਰ ਤੋਂ ਸੱਭਿਅਕ ਅਤੇ ਸੁਰੱਖਿਅਤ ਮਾਹੌਲ ਬਣੇਗਾ। ਕੈਂਪਸ ਅੰਦਰ ਰਿਹਾਇਸ਼ੀ ਪਾਰਕਾਂ ਅਤੇ ਦੂਸਰੇ ਪਾਰਕਾਂ ਵਿੱਚ ਅਸੱਭਿਅਕ ਸਰਗਰਮੀਆਂ ਕਾਰਨ ਕੈਂਪਸ ਵਾਸੀਆਂ ਨੂੰ, ਉਨ੍ਹਾਂ ਦੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਸਵੇਰੇ ਸ਼ਾਮ ਇਨ੍ਹਾਂ ਪਾਰਕਾਂ ਵਿੱਚ ਸੈਰ ਕਰਨ ਜਾਂ ਬੱਚਿਆਂ ਦੇ ਖੇਡਣ ਕੁੱਦਣਾ ਮੁਕੰਮਲ ਬੰਦ ਹੋ ਗਿਆ ਸੀ। ਕੈਂਪਸ ਅੰਦਰ 500 ਦੇ ਲਗਭਗ ਮਕਾਨ ਹਨ ਜਿੰਨਾਂ ਵਿੱਚ ਟੀਚਿੰਗ ਨਾਨ ਟੀਚਿੰਗ ਕਰਮਚਾਰੀਆਂ ਦੇ 3 ਹਜ਼ਾਰ ਤੋਂ ਵੱਧ ਪਰਿਵਾਰਕ ਮੈਂਬਰ ਰਹਿੰਦੇ ਹਨ। ਕੈਂਪਸ ਵਾਸੀ ਬੱਸ ਘਰਾਂ ਵਿੱਚ ਦੁਬਕ ਕੇ ਰਹਿਣ ਲਈ ਮਜਬੂਰ ਹੋ ਗਏ ਹਨ। ਕੈਂਪਸ ਵਾਸੀਆਂ ਨੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਅੰਦਰ ਆਉਂਦੇ ਆਊਟਸਾਈਡਰਾਂ ਦੀ ਐਂਟਰੀ ਮੁਕੰਮਲ ਬੰਦ ਕੀਤੀ ਜਾਵੇ। ਜਿਹੜੇ ਵਿਦਿਆਰਥੀ ਯੂਨੀਵਰਸਿਟੀ ਅੰਦਰ ਕਿਸੇ ਵੀ ਵਿਭਾਗ ਵਿੱਚ ਨਹੀਂ ਪੜ੍ਹਦੇ ਉਹ ਸਾਰਾ ਦਿਨ ਯੂਨੀਵਰਸਿਟੀ ਵਿੱਚ ਆਵਾਰਾ ਘੁੰਮਦੇ ਹਨ ਅਤੇ ਯੂਨੀਵਰਸਿਟੀ ਦੇ ਮਾਹੌਲ ਨੂੰ ਖਰਾਬ ਕਰਦੇ ਹਨ। ਇਸ ਮੌਕੇ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰ ਡਾ. ਜਤਿੰਦਰ ਸਿੰਘ ਮੱਟੂ ਨੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਬਿਨਾਂ ਕੰਮ ਤੋਂ ਆਉਣ ਵਾਲੇ ਵ੍ਹੀਕਲਾਂ ਖਾਸ ਕਰ ਕੇ ਸ਼ਨਿਚਰਵਾਰ ਐਤਵਾਰ ਨੂੰ ਵ੍ਹੀਕਲਾਂ ਦੀ ਐਂਟਰੀ ਬੰਦ ਕੀਤੀ ਜਾਵੇ। ਇਸ ਮੌਕੇ ਕੈਂਪਸ ਵਾਸੀਆਂ ਵਿੱਚ ਡਾ. ਜਤਿੰਦਰ ਸਿੰਘ ਮੱਟੂ, ਡਾ. ਜਗਮੋਹਨ ਸਿੰਘ, ਡਾ. ਜਸਪਾਲ ਸਿੰਘ, ਰੰਜਨ ਕੁਮਾਰ, ਗੁਰਜੰਟ ਸਿੰਘ, ਜਸਬੀਰ ਸਿੰਘ ਜਵੱਦੀ, ਤਿਰਲੋਕੀ ਨਾਥ, ਅਰੁਣ ਕੁਮਾਰ ਝਾਅ, ਡਾ. ਮੁਜ਼ਤਬਾ ਹੁਸੈਨ, ਨਾਰਾਇਣ ਕੁਮਾਰ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ ਵਾਰਡਨ, ਡਾ. ਜਸਵਿੰਦਰ ਸਿੰਘ ਵਾਰਡਨ ਆਦਿ ਹਾਜ਼ਰ ਸਨ।